ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੂਨ
ਦਿੱਲੀ ਦੇ ਸਰਕਾਰੀ ਗੋਬਿੰਦ ਬੱਲਭ ਪੰਤ ਹਸਪਤਾਲ ਨੇ ਆਪਣਾ ਉਹ ਸਰਕੁਲਰ ਵਾਪਸ ਲੈ ਲਿਆ ਹੈ, ਜਿਸ ਵਿੱਚ ਨਰਸਾਂ ਨੂੰ ਕੰਮ ਵਾਲੀ ਥਾਂ ’ਤੇ ਮਲਿਆਲਮ ਭਾਸ਼ਾ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਸੀ। ਇਸ ਸਰਕੁਲਰ ਦੀ ਕਾਫ਼ੀ ਨਿਖੇਧੀ ਹੋ ਰਹੀ ਸੀ। ਇਸ ਤੋਂ ਇਲਾਵਾ ਹਸਪਤਾਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਦੇ ਐੱਮਡੀ ਡਾ. ਅਨਿਲ ਅਗਰਵਾਲ ਨੇ ਦੱਸਿਆ ਕਿ ਹੁਕਮ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕੁਲਰ 5 ਜੂਨ ਨੂੰ ਜੀਬੀ ਪੰਤ ਹਸਪਤਾਲ ਦੇ ਨਰਸਿੰਗ ਸੁਪਰਡੈਂਟ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਬਾਰੇ ਹਸਪਤਾਲ ਨੂੰ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਨਰਸਿੰਗ ਸੁਪਰਡੈਂਟ ਮੁਤਾਬਕ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੰਮ ਵਾਲੀ ਥਾਂ ’ਤੇ ਮਲਿਆਲਮ ਦੀ ਵਰਤੋਂ ਜ਼ਿਆਦਾ ਹੋ ਰਹੀ ਸੀ। ਹਸਪਤਾਲ ਵਿੱਚ ਜ਼ਿਆਦਾਤਰ ਮਰੀਜ਼ ਇਹ ਬੋਲੀ ਨਹੀਂ ਜਾਣਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਇਸ ਲਈ ਨਰਸਿੰਗ ਅਮਲੇ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਹਿੰਦੀ ਤੇ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਤੇ ਅਜਿਹਾ ਨਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਰਕੁਲਰ ਦਾ ਨਰਸਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਦੂਜੇ ਪਾਸੇ, ਮਲਿਆਲੀ ਨਰਸਾਂ ਦੀ ਯੂਨੀਅਨ ਨੇ ਹਸਪਤਾਲ ਤੋਂ ਲਿਖਤੀ ਮੁਆਫ਼ੀ ਦੀ ਮੰਗ ਕੀਤੀ ਹੈ।
ਕਾਂਗਰਸ ਨੇ ਹਸਪਤਾਲ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ
ਨਵੀਂ ਦਿੱਲੀ: ਇਸ ਦੌਰਾਨ ਕਾਂਗਰਸ ਨੇ ਹਸਪਤਾਲ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜਾਰੀ ਸਰਕੂਲਰ ਗੈਰ-ਸੰਵਿਧਾਨਕ ਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਸੀ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਹਸਪਤਾਲ ਪ੍ਰਬੰਧਕਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਸ਼ਾਈ ਵਿਤਕਰਾ ਖ਼ਤਮ ਹੋਣਾ ਚਾਹੀਦਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਮਾਮਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਟਵੀਟ ਕੀਤਾ,‘ਇਹ ਸਰਕੂਲਰ ਸਾਡੇ ਮੁਲਕ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਦੀ ਉਲੰਘਣਾ ਕਰਦਾ ਹੈ।’ -ਪੀਟੀਆਈ
‘ਅਰਾਜਕਤਾਵਾਦੀ’ ਦਿੱਲੀ ਸਰਕਾਰ ਲਈ ਸੰਵਿਧਾਨ ਮਾਅਨੇ ਨਹੀਂ ਰੱਖਦਾ: ਭਾਜਪਾ
ਨਵੀਂ ਦਿੱਲੀ: ਜੇ ਬੀ ਪੰਤ ਹਸਪਤਾਲ ਵੱਲੋਂ ਜਾਰੀ ਸਰਕੂਲਰ ਲਈ ਦਿੱਲੀ ਸਰਕਾਰ ਦੀ ਨਿਖੇਧੀ ਕਰਦਿਆਂ ਭਾਜਪਾ ਨੇ ਕਿਹਾ ਕਿ ਇਹ ਤ੍ਰਾਸਦੀ ਹੀ ਸੀ ਕਿ ਕੋਵਿਡ- 19 ਸੰਕਟ ਸਮੇਂ ਕੇਰਲਾ ਨੂੰ ਆਕਸੀਜਨ ਦੇਣ ਦੀ ਬੇਨਤੀ ਕੀਤੀ ਗਈ ਅਤੇ ਹੁਣ ਉੱਥੋਂ ਦੇ ਲੋਕਾਂ ਕੋਲੋਂ ਇੱਕ-ਦੂਜੇ ਨਾਲ ਗੱਲ ਕਰਨ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਦੇ ਬੁਲਾਰੇ ਟੌਮ ਵਡੱਕਨ ਨੇ ਕਿਹਾ ਕਿ ਜਲਦਬਾਜ਼ੀ ਵਿੱਚ ਹੁਕਮ ਵਾਪਸ ਲੈਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸਾਡੇ ਇੱਥੇ ਅਰਾਜਕਤਾਬਾਦੀ ਸੂਬਾ ਸਰਕਾਰ ਹੈ ਜਿਸ ਲਈ ਭਾਰਤ ਦੇ ਸੰਵਿਧਾਨ ਤੇ ਉਸਦੀਆਂ ਭਾਸ਼ਾਵਾਂ ਕੋਈ ਮਾਅਨੇ ਨਹੀਂ ਰੱਖਦੀਆਂ। -ਪੀਟੀਆਈ