ਭੁਪਾਲ/ਸਿੱਧੀ, 5 ਜੁਲਾਈ
ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ ਕਬਾਇਲੀ ਨੌਜਵਾਨ ’ਤੇ ਪਿਸ਼ਾਬ ਕਰਨ ਵਾਲੇ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗ੍ਰਿਫ਼ਤਾਰੀ ਮਗਰੋਂ ਸਿੱਧੀ ਪ੍ਰਸ਼ਾਸਨ ਨੇ ਮੁਲਜ਼ਮ ਦੇ ਪਿਤਾ ਦੇ ਘਰ ਦਾ ਇੱਕ ਹਿੱਸਾ ਢਾਹ ਦਿੱਤਾ ਹੈ। ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕਥਿਤ ਤੌਰ ’ਤੇ ਭਾਜਪਾ ਦਾ ਸਥਾਨਕ ਆਗੂ ਦੱਸਿਆ ਜਾ ਰਿਹਾ ਹੈ। ਘਟਨਾ ਦੀ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਜਿਸ ਮਗਰੋਂ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਦੀ ਪਛਾਣ ਪਰਵੇਸ਼ ਸ਼ੁਕਲਾ ਵਜੋਂ ਹੋਈ ਹੈ। ਸੂਬੇ ਵਿੱਚ ਵਿਰੋਧੀ ਧਿਰ ਕਾਂਗਰਸ ਨੇ ਸੱਤਾਧਾਰੀ ਭਾਜਪਾ ਕੋਲੋਂ ਮੁਲਜ਼ਮ ਦੀ ਜਾਇਦਾਦ ’ਤੇ ਬੁਲਡੋਜ਼ਰ ਚਲਾਉਣ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਸਥਾਨਕ ਅਧਿਕਾਰੀਆਂ ਨੇ ਅੱਜ ਮੁਲਜ਼ਮ ਦੇ ਪਿਤਾ ਦੇ ਮਕਾਨ ਦਾ ਇੱਕ ਹਿੱਸਾ ਢਾਹ ਦਿੱਤਾ। ਸਿੱਧੀ ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਉਸ (ਪਰਵੇਸ਼) ਦੇ ਪਿਤਾ ਰਮਾਕਾਂਤ ਸ਼ੁਕਲਾ ਦੇ ਘਰ ਦਾ ਇੱਕ ਹਿੱਸਾ ਮਨਜ਼ੂਰੀ ਮੁਤਾਬਕ ਨਹੀਂ ਬਣਾਇਆ ਗਿਆ ਸੀ। ਇਸ ਲਈ ਇਸ ਨੂੰ ਢਾਹ ਦਿੱਤਾ ਗਿਆ।’’ ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਪਰਵੇਸ਼ ਸ਼ੁਕਲਾ ਦਾ ਪਿਛੋਕੜ ਵੀ ਅਪਰਾਧਕ ਰਿਹਾ ਹੈ। ਕਾਂਗਰਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਦਾ ਸਬੰਧ ਭਾਜਪਾ ਨਾਲ ਹੈ, ਜਦੋਂਕਿ ਸੱਤਾਧਾਰੀ ਪਾਰਟੀ ਨੇ ਦੋਸ਼ਾਂ ਨੂੰ ਨਕਾਰ ਦਿੱਤਾ। ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਅਤੇ ਮੁਲਜ਼ਮ ਦੀ ਜਾਇਦਾਦ ’ਤੇ ਬੁਲਡੋਜ਼ਰ ਚਲਾਉਣ ਦੀ ਮੰਗ ਕੀਤੀ। ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਕਾਂਤੀਲਾਲ ਭੂਰੀਆ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਕੁੱਝ ਮਹੀਨੇ ਪੁਰਾਣੀ ਹੈ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਵੀ ਡੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਹੈ।
ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 294, 504 ਅਤੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਖ਼ਤ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵਿਅਕਤੀ ਦੀ ਇਸ ਹਰਕਤ ਨੂੰ ਘਿਨਾਉਣੀ, ਨਿੰਦਣਯੋਗ ਅਤੇ ਮਨੁੱਖਤਾ ਲਈ ਸ਼ਰਮਨਾਕ ਕਰਾਰ ਦਿੱਤਾ। ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਘਟਨਾ ਨੂੰ ਸ਼ਰਮਨਾਕ ਤੇ ਨਿੰਦਣਯੋਗ ਕਰਾਰ ਦਿੰਦਿਆਂ ਮੁਲਜ਼ਮ ਦੀ ਜਾਇਦਾਦ ਤੋੜਨ ਦੀ ਮੰਗ ਕੀਤੀ। ਕਾਂਗਰਸ ਵੱਲੋਂ ਵੀ ਮੁਲਜ਼ਮ ਖ਼ਿਲਾਫ਼ ‘ਬੁਲਡੋਜ਼ਰ ਐਕਸ਼ਨ’ ਦੀ ਮੰਗ ਕੀਤੀ ਗਈ। -ਪੀਟੀਆਈ
ਭਾਜਪਾ ਦੇ ਰਾਜ ਵਿੱਚ ਆਦਿਵਾਸੀਆਂ ਤੇ ਦਲਿਤਾਂ ’ਤੇ ਅੱਤਿਆਚਾਰ ਵਧੇ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ ਕਬਾਇਲੀ ਨੌਜਵਾਨ ’ਤੇ ਪਿਸ਼ਾਬ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਆਦਿਵਾਸੀਆਂ ਤੇ ਦਲਿਤਾਂ ’ਤੇ ਅੱਤਿਆਚਾਰ ਵਧ ਰਹੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ‘ਅਣਮਨੁੱਖੀ ਹਰਕਤ’ ਨਾਲ ਭਾਜਪਾ ਦਾ ਆਦਿਵਾਸੀਆਂ ਅਤੇ ਦਲਿਤਾਂ ਪ੍ਰਤੀ ਨਫ਼ਰਤ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਘਟਨਾ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ, ‘‘ਮੱਧ ਪ੍ਰਦੇਸ਼ ਵਿੱਚ ਭਾਜਪਾ ਵਿਧਾਇਕ ਦੇ ਕਰੀਬੀ ਵਿਅਕਤੀ ਵੱਲੋਂ ਕਬਾਇਲੀ ਨੌਜਵਾਨ ਨਾਲ ਕੀਤੀ ਗਈ ਗ਼ੈਰਮਨੁੱਖੀ ਤੇ ਘਿਨਾਉਣੀ ਹਰਕਤ ਬਹੁਤ ਹੀ ਸ਼ਰਮਨਾਕ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਭਾਜਪਾ ਦੇ 18 ਸਾਲਾਂ ਦੇ ਸਾਸ਼ਨ ਦੌਰਾਨ ਆਦਿਵਾਸੀਆਂ ਖ਼ਿਲਾਫ਼ ਅੱਤਿਆਚਾਰਾਂ ਦੇ 30,400 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ, ‘‘ਭਾਜਪਾ ਕੋਲ ਆਦਿਵਾਸੀਆਂ ਲਈ ਖੋਖਲੇ ਵਾਅਦੇ ਤੇ ਫੋਕੇ ਦਾਅਵੇ ਹਨ। ਸਰਕਾਰ ਆਦਿਵਾਸੀਆਂ ’ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਸਖ਼ਤ ਕਦਮ ਕਿਉਂ ਨਹੀਂ ਚੁੱਕ ਰਹੀ?’’ ਉਧਰ, ਰਾਹੁਲ ਗਾਂਧੀ ਨੇ ਕਿਹਾ, ‘‘ਭਾਜਪਾ ਦੇ ਸਾਸ਼ਨ ਵਿੱਚ ਆਦਿਵਾਸੀ ਭੈਣ-ਭਰਾਵਾਂ ’ਤੇ ਅੱਤਿਆਚਾਰ ਵਧ ਰਹੇ ਹਨ। ਮੱਧ ਪ੍ਰਦੇਸ਼ ਵਿੱਚ ਭਾਜਪਾ ਆਗੂ ਦੇ ਅਣਮਨੁੱਖੀ ਅਪਰਾਧ ਨੇ ਪੂਰੀ ਮਾਨਵਤਾ ਨੂੰ ਸ਼ਰਮਸਾਰ ਕੀਤਾ ਹੈ।’’ -ਪੀਟੀਆਈ