ਨਵੀਂ ਦਿੱਲੀ, 4 ਮਾਰਚ
ਇਨਕਮ ਟੈਕਸ ਵਿਭਾਗ ਨੇ ਫਿਲਮ ਇੰਡਸਟਰੀ ਦੇ ਕੁਝ ਲੋਕਾਂ ਖ਼ਿਲਾਫ਼ ਅੱਜ ਵੀ ਕਾਰਵਾਈ ਜਾਰੀ ਰੱਖੀ। ਆਮਦਨ ਕਰ ਵਿਭਾਗ ਵੱਲੋਂ ਮੁੰਬਈ ਤੇ ਪੁਣੇ ਵਿਚਲੇ 30 ਦੇ ਕਰੀਬ ਟਿਕਾਣਿਆਂ ’ਤੇ ਕੱਲ੍ਹ ਤੋਂ ਜਾਰੀ ਛਾਪਿਆਂ ਮਗਰੋਂ ਬੌਲੀਵੁੱਡ ਅਦਾਕਾਰ ਤਾਪਸੀ ਪੰਨੂ ਤੇ ਫ਼ਿਲਮਸਾਜ਼ ਅਨੁਰਾਗ ਕਸ਼ਯਪ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਭਾਗ ਨੇ ਤਾਪਸੀ ਦੇ ਘਰੋਂ ਪੰਜ ਕਰੋੜ ਰੁਪਏ ਨਗਦੀ ਦੀ ਰਸੀਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਆਮਦਨ ਕਰ ਦੀ ਟੀਮ ਨੇ ਦਾਅਵਾ ਕੀਤਾ ਕਿ ਛਾਪੇਮਾਰੀ ਦੌਰਾਨ ਉਸ ਹੱਥ ਫ਼ਿਲਮਸਾਜ਼ ਅਨੁਰਾਗ ਕਸ਼ਯਪ ਦੇ ਪ੍ਰੋਡਕਸ਼ਨ ਹਾਊਸ ਫੈਂਟਮ ਫ਼ਿਲਮਜ਼ ਦੀ ਆਮਦਨ ਤੇ ਸ਼ੇਅਰਾਂ ਵਿੱਚ ਵੱਡੇ ਪੱਧਰ ’ਤੇ ਹੇਰਾਫੇਰੀ ਦੇ ਸਬੂਤ ਮਿਲੇ ਹਨ। ਸੂਤਰਾਂ ਨੇ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਟੀਮ ਨੂੰ 350 ਕਰੋੜ ਰੁਪਏ ਦੀ ਟੈਕਸ ਹੇਰਾਫੇਰੀ ਬਾਰੇ ਪਤਾ ਲੱਗਾ ਹੈ। ਕੰਪਨੀ ਦੇ ਅਧਿਕਾਰੀ 350 ਕਰੋੜ ਰੁਪਏ ਦਾ ਹਿਸਾਬ ਕਿਤਾਬ ਦੇਣ ਵਿੱਚ ਨਾਕਾਮ ਰਹੇ ਹਨ। ਇਸ ਦੌਰਾਨ ਰਿਲਾਇੰਸ ਐਂਟਰਟੇਨਮੈਂਟ ਗਰੁੱਪ ਦੇ ਸੀਈਓ ਸ਼ਿਭਾਸ਼ੀਸ਼ ਸਰਕਾਰ ਦੀਆਂ ਜਾਇਦਾਦਾਂ ਤੇ ਕੁਝ ਟੈਲੇਂਟ ਮੈਨੇਜਮੈਂਟ ਕੰਪਨੀਆਂ ‘ਕਵਾਨ’ ਤੇ ‘ਐਕਸੀਡ’ ’ਤੇ ਵੀ ਆਈਟੀ ਟੀਮ ਨੇ ਛਾਪੇ ਮਾਰੇ ਗਏ ਹਨ। ਇਸੇ ਦੌਰਾਨ ਅੱਜ ਆਈਟੀ ਅਧਿਕਾਰੀਆਂ ਨੇ ਤਾਪਸੀ ਪੰਨੂ ਅਤੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਦੇ ਬਿਆਨ ਦਰਜ ਕੀਤੇ। ਸੂਤਰਾਂ ਅਨੁਸਾਰ ਇਹ ਬਿਆਨ ਪੁਣੇ ਦੇ ਹੋਟਲ ਵਿੱਚ ਲਏ ਗਏ ਹਨ। ਪਤਾ ਲੱਗਿਆ ਹੈ ਕਿ ਵਿਭਾਗ ਨੇ ਦੋਵਾਂ ਦੇ ਫੋਨ ਰਖਵਾ ਲਏ ਸਨ। ਸੂਤਰਾਂ ਮੁਤਾਬਕ ਇਹ ਪੁੱਛ ਪੜਤਾਲ ਤਿੰਨ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ। ਏਜੰਸੀਆਂ