ਮੁੰਬਈ, 20 ਜਨਵਰੀ
ਇੰਡੀਆ ਰੇਟਿੰਗਜ਼ ਤੇ ਰਿਸਰਚ ਨੇ ਅਗਲੇ ਵਿੱਤੀ ਸਾਲ 2022-23 ਵਿੱਚ ਭਾਰਤੀ ਅਰਥਚਾਰਾ 7.6 ਫੀਸਦ ਦੀ ਵਿਕਾਸ ਦਰ ਨਾਲ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਏਜੰਸੀ ਨੇ ਅੱਜ ਕਿਹਾ ਕਿ ਕਰੀਬ ਦੋ ਸਾਲਾਂ ਦੇ ਵਕਫ਼ੇ ਮਗਰੋਂ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਅਰਥਪੂਰਨ ਪਾਸਾਰ ਹੋਵੇਗਾ ਕਿਉਂਕਿ 2022-23 ਵਿੱਚ ਅਸਲ ਜੀਡੀਪੀ ਦੇ 2019-20 (ਕੋਵਿਡ ਤੋਂ ਪਹਿਲਾਂ ਵਾਲੇ ਪੱਧਰ) ਤੋਂ 9.1 ਫੀਸਦ ਵੱਧ ਰਹਿਣ ਦਾ ਅਨੁਮਾਨ ਹੈ। ਇੰਡੀਆ ਰੇਟਿੰਗਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ ਵਿੱਤੀ ਸਾਲ ਵਿੱਚ ਭਾਰਤੀ ਅਰਥਚਾਰੇ ਦਾ ਆਕਾਰ ਜੀਡੀਪੀ ਦੇ ਰੁਝਾਨ ਮੁੱਲ ਤੋਂ 10.2 ਫੀਸਦ ਘੱਟ ਰਹੇਗਾ। ਏਜੰਸੀ ਮੁਤਾਬਕ, ‘‘ਇਸ ਕਮੀ ਵਿੱਚ ਮੁੱਖ ਯੋਗਦਾਨ ਨਿੱਜੀ ਖਪਤ ਤੇ ਨਿਵੇਸ਼ ਮੰਗ ਦਾ ਨਿਘਾਰ ਰਹੇਗਾ। ਕੁੱਲ ਨਿਘਾਰ ਵਿੱਚ ਨਿੱਜੀ ਖਪਤਾ ਦਾ ਹਿੱਸਾ 43.4 ਫੀਸਦ ਤੇ ਨਿਵੇਸ਼ ਮੰਗ ਦਾ ਹਿੱਸਾ 21 ਫੀਸਦ ਰਹੇਗਾ।’’ ਇਸ ਤੋਂ ਪਹਿਲਾਂ ਇਸੇ ਮਹੀਨੇ ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਨੇ ਜੀਡੀਪੀ ਬਾਰੇ ਆਪਣੇ ਪਹਿਲੇ ਅਗਾਊਂ ਅਨੁਮਾਨ ਵਿੱਚ ਕਿਹਾ ਸੀ ਕਿ 2021-22 ਵਿੱਚ ਆਰਥਿਕ ਵਿਕਾਸ ਦਰ 9.2 ਫੀਸਦ ਰਹੇਗੀ। ਇਸ ਤੋਂ ਪਿਛਲੇ ਵਿੱਤੀ ਸਾਲ ਵਿੱਚ ਅਰਥਚਾਰੇ ਵਿੱਚ 7.3 ਫੀਸਦ ਦਾ ਨਿਘਾਰ ਆਇਆ ਸੀ। ਇੰਡੀਆ ਰੇਟਿੰਗਜ਼ ਦੇ ਪ੍ਰਮੁੱਖ ਅਰਥਸ਼ਾਸਤਰੀ ਤੇ ਡਾਇਰੈਕਟਰ (ਲੋਕ ਵਿੱਤ) ਸੁਨੀਲ ਕੁਮਾਰ ਸਿਨਹਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਤੇ ਰਿਜ਼ਰਵ ਬੈਂਕ ਅਰਥਚਾਰੇ ਦੇ ਵਿਕਾਸ ਨੂੰ ਹਮਾਇਤ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵੇਲੇ ਆਰਥਿਕ ਮਜ਼ਬੂਤੀ ਦੀ ਕਾਹਲ ਵਿੱਚ ਨਹੀਂ ਹੈ। ਇਸ ਦਾ ਅਰਥ ਹੈ ਕਿ 2022-23 ਵਿੱਚ ਵਿੱਤੀ ਘਾਟਾ ਵਧੇਗਾ, ਜਿਸ ਨਾਲ ਵਾਧੇ ਨੂੰ ਹਮਾਇਤ ਮਿਲੇਗੀ। ਏਜੰਸੀ ਦਾ ਅਨੁਮਾਨ ਹੈ ਕਿ 2022-23 ਵਿੱਚ ਵਿੱਤੀ ਘਾਟਾ 5.8 ਫੀਸਦ ਤੋਂ 6 ਫੀਸਦ ਦਰਮਿਆਨ ਰਹੇਗਾ। ਸਿਨਹਾ ਨੇ ਕਿਹਾ ਕਿ ਮਹਿੰਗਾਈ ਦਰ ਦਾ ਰੁਝਾਨ ਅਜੇ ਉੱਤੇ ਵਲ ਨੂੰ ਹੈ ਤੇ ਅਰਥਚਾਰੇ ਦੇ ਮੁੜ ਪੈਰਾਂ ਸਿਰ ਹੋਣ ਦੀ ਰਫ਼ਤਾਰ ਸੁਸਤ ਹੈ ਤੇ ਅਜਿਹੇ ਵਿੱਚ ਨੇੜ ਭਵਿੱਖ ਵਿੱਚ ਕੇਂਦਰੀ ਬੈਂਕ ਨੀਤੀਗਤ ਵਿਆਜ ਦਰਾਂ ਵਿੱਚ ਫੇਰਬਦਲ ਤੋਂ ਬਚੇਗਾ। -ਪੀਟੀਆਈ