ਨਵੀਂ ਦਿੱਲੀ, 20 ਮਈ
ਭਾਰਤੀ ਮਹਿਲਾ ਕ੍ਰਿਕਟ ਟੀਮ ਆਸਟਰੇਲੀਆ ਦੌਰੇ ’ਤੇ 30 ਸਤੰਬਰ ਤੋਂ 3 ਅਕਤੂਬਰ ਤੱਕ ਪਹਿਲੀ ਵਾਰ ਦਿਨ-ਰਾਤ ਦਾ ਟੈਸਟ ਮੈਚ ਖੇਡੇਗੀ। ਇਹ ਮੈਚ ਪਰਥ ’ਚ ਖੇਡਿਆ ਜਾਵੇਗਾ ਜਿੱਥੇ ਹਾਲੇ ਤੱਕ ਦਿਨ-ਰਾਤ ਦਾ ਕੋਈ ਟੈਸਟ ਮੈਚ ਨਹੀਂ ਖੇਡਿਆ ਗਿਆ। ਦਿਨ-ਰਾਤ ਟੈਸਟ ਮੈਚ ਨੂੰ ‘ਪਿੰਕ ਬਾਲ’ ਟੈਸਟ ਵੀ ਕਿਹਾ ਜਾਂਦਾ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਵੀਰਵਾਰ ਨੂੰ ਟਵਿੱਟਰ ’ਤੇ ਇਹ ਜਾਣਕਾਰੀ ਦਿੱਤੀ, ਜਿਸ ਮਗਰੋਂ ਕ੍ਰਿਕਟ ਆਸਟਰੇਲੀਆ ਨੇ ਦੌਰੇ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਸ਼ਾਹ ਨੇ ਕਿਹਾ ਕਿ ਇਹ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਦੀ ਭਾਰਤ ਦੀ ਰਣਨੀਤੀ ਦਾ ਹਿੱਸਾ ਹੈ। ਸ਼ਾਹ ਨੇ ਟਵੀਟ ਕੀਤਾ, ‘ਮਹਿਲਾ ਕ੍ਰਿਕਟ ਲਈ ਆਪਣੀ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਾਲ ਦੇ ਅੰਤ ਵਿੱਚ ਆਸਟਰੇਲੀਆ ਨਾਲ ਦਿਨ ਰਾਤ ਦਾ ਟੈਸਟ ਖੇਡੇਗੀ।’ ਮਹਿਲਾ ਕ੍ਰਿਕਟ ’ਚ ਹੁਣ ਤੱਕ ਦਿਨ-ਰਾਤ ਦਾ ਇਕਲੌਤਾ ਟੈਸਟ ਮੈਚ ਆਸਟਰੇਲੀਆ ਤੇ ਇੰੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਕਾਰ ਖੇਡਿਆ ਗਿਆ ਹੈ।
-ਏਜੰਸੀ