ਨਵੀਂ ਦਿੱਲੀ, 2 ਅਕਤੂਬਰ
ਭਾਰਤੀ ਹਵਾਈ ਸੈਨਾ ਦੇਸ਼ ’ਚ ਵਿਕਸਤ ਹਲਕੇ ਲੜਾਕੂ ਹੈਲੀਕਾਪਟਰ (ਐੱਸਸੀਐੱਚ) ਨੂੰ ਰਸਮੀ ਤੌਰ ’ਤੇ 3 ਅਕਤੂਬਰ ਨੂੰ ਆਪਣੇ ਬੇੜੇ ’ਚ ਸ਼ਾਮਲ ਕਰੇਗੀ। ਇਸ ਨਾਲ ਹਵਾਈ ਸੈਨਾ ਦੀ ਤਾਕਤ ’ਚ ਹੋਰ ਵਾਧਾ ਹੋਵੇਗਾ ਕਿਉਂਕਿ ਇਹ ਹੈਲੀਕਾਪਟਰ ਕਈ ਮਿਜ਼ਾਈਲਾਂ ਦਾਗਣ ਤੇ ਹਥਿਆਰਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ। ਐੱਲਸੀਐੱਚ ਨੂੰ ਸਰਕਾਰੀ ਹਿੰਦੁਸਤਾਨ ਏਅਰੋਨੌਟਿਸਕ ਲਿਮਿਟਡ (ਐੱਚਏਐੱਲ) ਨੇ ਵਿਕਸਿਤ ਕੀਤਾ ਹੈ ਅਤੇ ਇਸ ਨੂੰ ਉਚਾਈ ਵਾਲੇ ਇਲਾਕਿਆਂ ’ਚ ਤਾਇਨਾਤ ਕਰਨ ਦੀ ਲੋੜ ਨੂੰ ਦੇਖਦਿਆਂ ਡਿਜ਼ਾਈਨ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹੈਲੀਕਾਪਟਰ ਜੋਧਪੁਰ ਸਥਿਤ ਹਵਾਈ ਸੈਨਾ ਦੇ ਟਿਕਾਣੇ ’ਤੇ ਕਰਵਾਏ ਜਾਣ ਵਾਲੇ ਸਮਾਗਮ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਦੀ ਹਾਜ਼ਰੀ ’ਚ ਸ਼ਾਮਲ ਕੀਤਾ ਜਾਵੇਗਾ। ਇਸ 5.8 ਟਨ ਦੇ ਵਜ਼ਨ ਤੇ ਦੋ ਇੰਜਣ ਵਾਲੇ ਇਸ ਹੈਲੀਕਾਪਟਰ ਤੋਂ ਪਹਿਲਾਂ ਹੀ ਕਈ ਹਥਿਆਰਾਂ ਦੀ ਅਜ਼ਮਾਇਸ਼ ਕੀਤੀ ਜਾ ਚੁੱਕੀ ਹੈ।