ਰਾਏਪੁਰ, 29 ਅਗਸਤ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਰਾਸ਼ਟਰ-ਵਿਰੋਧੀ ਅਤੇ ਗਰੀਬ-ਵਿਰੋਧੀ ਤਾਕਤਾਂ ਮੁਲਕ ਵਿਚ ਨਫ਼ਰਤ ਅਤੇ ‘ਹਿੰਸਾ ਦਾ ਜ਼ਹਿਰ’ ਫੈਲਾ ਰਹੀਆਂ ਹਨ ਅਤੇ ਸਾਡੇ ਲੋਕਤੰਤਰ ’ਤੇ ‘ਤਾਨਾਸ਼ਾਹੀ ਦਾ ਪ੍ਰਭਾਵ’ ਵਧ ਰਿਹਾ ਹੈ। ਊਨ੍ਹਾਂ ਕਿਹਾ ਕਿ ਸਾਡੇ ਬਾਨੀਆਂ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਸੰਵਿਧਾਨ ਅਤੇ ਲੋਕੰਤਤਰ ਖ਼ਤਰੇ ਵਿੱਚ ਹੋਣਗੇ ਕਿਉਂਕਿ ਪ੍ਰਗਟਾਵੇ ਦੀ ਆਜ਼ਾਦੀ ਖ਼ਤਰੇ ਵਿੱਚ ਹੈ ਅਤੇ ਲੋਕਤੰਤਰੀ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ। ਸ੍ਰੀਮਤੀ ਗਾਂਧੀ ਨਵਾਂ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖੇ ਜਾਣ ਸਬੰਧੀ ਸਮਾਗਮ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੇ ਲੋਕਤੰਤਰ ਮੂੁਹਰੇ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਅੱਜ ਦੇਸ਼ ਦੋਰਾਹੇ ’ਤੇ ਖੜ੍ਹਾ ਹੈ। ਗਰੀਬ ਵਿਰੋਧੀ ਤੇ ਰਾਸ਼ਟਰ-ਵਿਰੋਧੀ ਤਾਕਤਾਂ ਅਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਰਾਜ ਕਰਨ ਵਾਲੇ ਨਫ਼ਰਤ ਅਤੇ ਹਿੰਸਾ ਦਾ ਜ਼ਹਿਰ ਫੈਲਾ ਰਹੇ ਹਨ। ਚੰਗੀ ਸੋਚ ਊੱਪਰ ਮਾੜੀ ਸੋਚੀ ਹਾਵੀ ਹੋ ਰਹੀ ਹੈ, ਪ੍ਰਗਟਾਵੇ ਦੀ ਆਜ਼ਾਦੀ ਖ਼ਤਰੇ ਵਿੱਚ ਹੈ ਅਤੇ ਲੋਕਤੰਤਰੀ ਅਦਾਰਿਆਂ ਦਾ ਘਾਣ ਕੀਤਾ ਜਾ ਰਿਹਾ ਹੈ। – ਪੀਟੀਆਈ