ਮੁੰਬਈ, 7 ਮਾਰਚ
ਸ਼ਿਵ ਸੈਨਾ ਨੇਤਾ ਸੰਜੈ ਰਾਊਤ ਨੇ 1975 ਦੀ ਐਮਰਜੈਂਸੀ ਨੂੰ ਮਿਆਦ ਪੁਗਾ ਚੁੱਕਿਆ ਮੁੱਦਾ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਹੁਣ ਪੱਕੇ ਤੌਰ ’ਤੇ ਦਬਾਅ ਦੇਣਾ ਚਾਹੀਦਾ ਹੈ। ਕੇਂਦਰ ’ਤੇ ਨਿਸ਼ਾਨਾਂ ਸਾਧਦਿਆਂ ਉਨ੍ਹਾਂ ਕਿਹਾ ਦੇਸ਼ ਦੇ ਮੌਜੂਦਾ ਹਾਲਤ ਨੂੰ ਦੇਖਦਿਆਂ ਕੋਈ ਵੀ ਇਹ ਕਹਿ ਸਕਦਾ ਹੈ ਕਿ ਐਮਰਜੈਂਸੀ ਦਾ ਦੌਰ ਵਧੀਆ ਸੀ।
ਸ਼ਿਵ ਸੈਨਾ ਦੇ ਤਰਜਮਾਨ ‘ਸਾਮਨਾ’ ਵਿੱਚ ਆਪਣੇ ਹਫ਼ਤਾਵਾਰੀ ਕਾਲਮ ’ਚ ਸੰਜੈ ਰਾਊਤ, ਜੋ ਕਿ ਸਾਮਨਾ ਦੇ ਕਾਰਜਕਾਰੀ ਸੰਪਾਦਕ ਵੀ ਹਨ, ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਆਪਣੀ ਦਾਦੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ’ਤੇ ਪਛਤਾਵਾ ਕਰਨ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ, ‘ਲੋਕਾਂ ਵੱਲੋਂ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਾਉਣ ਦੇ ਫ਼ੈਸਲੇ ਲਈ ਸਜ਼ਾ ਦਿੱਤੀ ਗਈ। ਉਨ੍ਹਾਂ ਨੇ ਉਸ ਨੂੰ ਸਬਕ ਸਿਖਾਇਆ, ਪਰ ਉਸ ਨੂੰ ਸੱਤਾ ’ਚ ਵਾਪਸ ਲਿਆ ਕੇ ਮੁਆਫ਼ ਕਰ ਦਿੱਤਾ। ਐਮਰਜੈਂਸੀ ਹੁਣ ਮਿਆਦ ਪੁਗਾ ਚੁੱਕਾ ਮੁੱਦਾ ਹੈ। ਇਸ ਨੂੰ ਵਾਰ-ਵਾਰ ਉਠਾਉਣ ਦੀ ਲੋੜ ਕਿਉਂ ਹੈ?… ਇਸ ਮੁੱਦੇ ਨੂੰ ਪੱਕੇ ਤੌਰ ’ਤੇ ਦਬਾਅ ਦੇਣਾ ਚਾਹੀਦਾ ਹੈ।’ ਰਾਊਤ ਨੇ ਰਾਹੁਲ ਗਾਂਧੀ ਨੂੰ ਇੱਕ ਸਪੱਸ਼ਟ ਅਤੇ ਸਧਾਰਨ ਵਿਅਕਤੀ ਕਰਾਰ ਦਿੱਤਾ। -ਪੀਟੀਆਈ
ਸਰਕਾਰ ਖ਼ਿਲਾਫ਼ ਬੋਲਣ ’ਤੇ ਤਾਪਸੀ ਤੇ ਅਨੁਰਾਗ ’ਤੇ ਛਾਪੇ ਮਾਰੇ ਗਏ
ਸੰਜੈ ਰਾਊਤ ਨੇ ਆਮਦਨ ਕਰ ਵਿਭਾਗ ਵੱਲੋਂ ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਫ਼ਿਲਮਕਾਰ ਅਨੁਰਾਗ ਕਸ਼ਯਪ ਦੇ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ਬਾਰੇ ਕਿਹਾ ਕਿ ਇਹ ਛਾਪੇ ਉਦੋਂ ਮਾਰੇ ਗਏ ਜਦੋਂ ਉਨ੍ਹਾਂ ਨੇ ਸਰਕਾਰ ਖ਼ਿਲਾਫ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਵੀ ਦੇਸ਼ਧ੍ਰੋਹ ਦੇ ਦੋਸ਼ਾਂ ਹੇਠ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਰਨ ਦਾ ਹਵਾਲਾ ਦਿੰਦਿਆਂ ਮੋਦੀ ਸਰਕਾਰ ਦੀ ਅਣਐਲਾਨੀ ਐਮਰਜੈਂਸੀ ’ਤੇ ਸਵਾਲ ਉਠਾਇਆ ਸੀ।