ਨਵੀਂ ਦਿੱਲੀ, 21 ਜੁਲਾਈ
ਗ਼ਾਜ਼ੀਆਬਾਦ ਵਿੱਚ ਪੱਤਰਕਾਰ ਨੂੰ ਗੋਲੀ ਮਾਰਨ ਦੀ ਵਾਰਦਾਤ ਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੱਤਰਕਾਰ ਨੂੰ ਸੋਮਵਾਰ ਦੀ ਰਾਤ ਨੂੰ ਉਦੋਂ ਵਿਜੇ ਨਗਰ ਖੇਤਰ ਵਿੱਚ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਆਪਣੀਆਂ ਦੋ ਨਾਬਾਲਗ ਧੀਆਂ ਨਾਲ ਮੋਟਰਸਾਈਕਲ ’ਤੇ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਪੱਤਰਕਾਰ ਵਿਕਰਮ ਜੋਸ਼ੀ ਆਪਣੀ ਭੈਣ ਦੇ ਘਰ ਤੋਂ ਪਰਤ ਰਹੇ ਸਨ। ਪੰਜ ਹਮਲਾਵਰਾਂ ਨੇ ਉਸ ਦਾ ਰਾਹ ਰੋਕ ਲਿਆ ਅਤੇ ਹਮਲਾ ਕਰ ਦਿੱਤਾ। ਜੋਸ਼ੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਵਿਕਰਮ ਜੋਸ਼ੀ ਨੇ ਵਿਜੇ ਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਆਦਮੀ ਉਸਦੀ ਭਾਣਜੀ ਨੂੰ ਪ੍ਰੇਸ਼ਾਨ ਕਰ ਰਹੇ ਸਨ। ਇਸ ਮਗਰੋਂ ਉਸ ਨੂੰ ਉਨ੍ਹਾਂ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ। ਵੀਡੀਓ ਵਿੱਚ ਪੱਤਰਕਾਰ ਦੀ ਧੀ ਉਸ ਵੱਲ ਭੱਜਦੀ ਹੋਈ ਵੇਖੀ ਜਾ ਸਕਦੀ ਹੈ। ਹਮਲਾ ਕਰਨ ਵਾਲੇ ਮੌਕੇ ਤੋਂ ਭੱਜਣ ਜਾਂਦੇ ਹਨ ਤੇ ਪੱਤਰਕਾਰ ਦੀ ਲੜਕੀ ਆਪਣੇ ਪਿਤਾ ਦੇ ਕੋਲ ਸੜਕ ’ਤੇ ਬੈਠੀ ਰਾਹਗੀਰਾਂ ਤੋਂ ਮਦਦ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗਾਜ਼ੀਆਬਾਦ ਪੁਲੀਸ ਨੇ ਮਾਮਲਾ ਦਰਜ ਕੀਤਾ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮੋਹਿਤ, ਦਲਬੀਰ, ਅਕਾਸ਼, ਰਵੀ ਅਤੇ ਸ਼ਾਕਿਰ ਵਜੋਂ ਹੋਈ ਹੈ।