ਨਵੀਂ ਦਿੱਲੀ: ਦਿੱਲੀ ਆਬਕਾਰੀ ‘ਘੁਟਾਲੇ’ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੀ ਅਦਾਲਤ ਨੇ ਅੱਜ ‘ਆਪ’ ਆਗੂਆਂ ਸੰਜੇ ਸਿੰਘ ਤੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 3 ਫਰਵਰੀ ਤੱਕ ਵਧਾ ਦਿੱਤੀ ਹੈ। ਦੋਵੇਂ ਆਗੂ ਅੱਜ ਤਿਹਾੜ ਜੇਲ੍ਹ ਵਿਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਅਦਾਲਤ ਨੇ ਸੰਜੇ ਸਿੰਘ ਦੇ ਕਰੀਬੀ ਸਾਥੀ ਤੇ ਕੇਸ ਦੇ ਮੁਲਜ਼ਮ ਸਰਵੇਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਉਤੇ ਫੈਸਲਾ ਰਾਖਵਾਂ ਰੱਖ ਲਿਆ। ਇਸ ਅਰਜ਼ੀ ਉਤੇ ਫੈਸਲਾ 24 ਜਨਵਰੀ ਨੂੰ ਸੁਣਾਇਆ ਜਾਵੇਗਾ। ਸੰਜੇ ਸਿੰਘ ਤੇ ਸਿਸੋਦੀਆ ਨੂੰ ਅੱਜ ਉਨ੍ਹਾਂ ਦੀ ਪਿਛਲੀ ਨਿਆਂਇਕ ਹਿਰਾਸਤ ਖ਼ਤਮ ਹੋਣ ’ਤੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਸਬੰਧਤ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਨੂੰ ਸੁਰੱਖਿਆ ਕਾਰਨਾਂ ਕਰ ਕੇ ਵਿਅਕਤੀਗਤ ਤੌਰ ਉਤੇ ਪੇਸ਼ ਨਹੀਂ ਕੀਤਾ ਜਾ ਸਕਦਾ। -ਪੀਟੀਆਈ