ਲਖਨਊ, 16 ਜਨਵਰੀ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਜਿੱਥੇ ਭਾਜਪਾ ਉਮੀਦਵਾਰਾਂ ਦੀ ਸੂਚੀ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦੇਣ ਦਾ ਯਤਨ ਕੀਤਾ ਗਿਆ ਹੈ, ਉੱਥੇ ਸਮਾਜਵਾਦੀ ਪਾਰਟੀ ਦੀ ਸੂਚੀ ਵਿੱਚ ਅਪਰਾਧੀਆਂ ਦੇ ਨਾਂ ਸ਼ਾਮਲ ਹਨ। ਇੱਥੇ ਅੱਜ ਕਰੋਨਾ ਕੇਸਾਂ ਨਾਲ ਨਜਿੱਠਣ ਲਈ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੀ ਯੋਜਨਾ ਦੀ ਸਮੀਖਿਆ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ੍ਰੀ ਆਦਿੱਤਿਆਨਾਥ ਨੇ ਕਿਹਾ,‘ਭਾਜਪਾ ਨੇ ਕੱਲ੍ਹ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਤੁਸੀਂ ਦੇਖਿਆ ਹੋਵੇਗਾ ਕਿ ਇਸ ਤੋਂ ਸਮਾਜਿਕ ਨਿਆਂ ਦੀ ਝਲਕ ਪੈਂਦੀ ਹੈ ਅਤੇ ਇਸ ਨੇ ਸਮਾਜ ਦੇ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਹੈ। ਜੇਕਰ ਤੁਸੀਂ ਸਪਾ ਦੀ ਸੂਚੀ ਵੇਖੋ ਤਾਂ ਹਿੰਦੂ ਕਾਰੋਬਾਰੀਆਂ ਨੂੰ ਕੈਰਾਨਾ ਛੱਡਕੇ ਜਾਣ ਲਈ ਮਜਬੂਰ ਕਰ ਦੇਣ ਵਾਲੇ ਅਤੇ ਮੁਜ਼ੱਫਰਪੁਰ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਤੇ ਲੋਨੀ ਤੋਂ ਇੱਕ ਅਪਰਾਧੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਤੋਂ ਸਪਾ ਅਤੇ ਇਸ ਦੇ ਗੱਠਜੋੜ ਹਿੱਸੇਦਾਰਾਂ ਦੇ ਚਰਿੱਤਰ ਬਾਰੇ ਪਤਾ ਲੱਗਦਾ ਹੈ। -ਪੀਟੀਆਈ