ਨਾਗਪੁਰ, 1 ਫਰਵਰੀ
ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਪੁਣੇ ਵਿਚ ਹਾਲ ਹੀ ’ਚ ਹੋਏ ਐਲਗਾਰ ਪ੍ਰੀਸ਼ਦ ਸੰਮੇਲਨ ਵਿਚ ਦਿੱਤੇ ਗਏ ਭਾਸ਼ਣਾਂ ਦੀ ਜਾਂਚ ਕੀਤੀ ਜਾਵੇਗੀ ਤੇ ਦੇਖਿਆ ਜਾਵੇਗਾ ਕਿ ਕਿਤੇ ਕੋਈ ਇਤਰਾਜ਼ਯੋਗ ਭਾਸ਼ਣ ਤਾਂ ਨਹੀਂ ਦਿੱਤਾ ਗਿਆ। ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਨਿਚਰਵਾਰ ਨੂੰ ਹੋਏ ਸੰਮੇਲਨ ਦੇ ਭਾਸ਼ਣ ਸੁਣੇ ਜਾਣਗੇ। ਇਸ ਮੌਕੇ ਉੱਘੀ ਲੇਖਿਕਾ ਅਰੁੰਧਤੀ ਰੌਏ, ਸਾਬਕਾ ਆਈਪੀਐੱਸ ਅਧਿਕਾਰੀ ਐੱਸ.ਐਮ. ਮੁਸ਼ਰਿਫ਼, ਬੰਬੇ ਹਾਈ ਕੋਰਟ ਦੇ ਸਾਬਕਾ ਜੱਜ ਬੀ.ਜੀ. ਕੋਲਸੇ-ਪਾਟਿਲ, ਏਐਮਯੂ ਦੇ ਸਾਬਕਾ ਵਿਦਿਆਰਥੀ ਆਗੂ ਸ਼ਰਜੀਲ ਉਸਮਾਨੀ ਨੇ ਭਾਸ਼ਣ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦਸੰਬਰ 2017 ਵਿਚ ਐਲਗਾਰ ਪ੍ਰੀਸ਼ਦ ’ਚ ਦਿੱਤੇ ਭਾਸ਼ਣਾਂ ਲਈ ਕਈ ਖੱਬੇ ਪੱਖੀ ਕਾਰਕੁਨਾਂ ਨੂੰ ਯੂਏਪੀਏ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ