ਅਹਿਮਦਾਬਾਦ: ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ’ਚ ਘਰ ਅੰਦਰ ਬਣੇ ਮੰਦਰ ’ਚ ਸਪੀਕਰ ’ਤੇ ਉੱਚੀ ਆਵਾਜ਼ ’ਚ ਭਜਨ ਲਗਾਉਣ ਮਗਰੋਂ ਹੋਏ ਝਗੜੇ ’ਚ ਛੇ ਵਿਅਕਤੀਆਂ ਨੇ 42 ਵਰ੍ਹਿਆਂ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲੀਸ ਨੇ 3 ਮਈ ਨੂੰ ਮੁਦਰਦਾ ਪਿੰਡ ’ਚ ਵਾਪਰੀ ਇਸ ਘਟਨਾ ਲਈ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਬ-ਇੰਸਪੈਕਟਰ ਐੱਸ ਬੀ ਛਾਵੜਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤ ਜਸਵੰਤ ਠਾਕੋਰ ਅਤੇ ਉਸ ਦੇ ਵੱਡੇ ਭਰਾ ਅਜੀਤ ’ਤੇ ਸਪੀਕਰ ਉਪਰ ਉੱਚੀ ਆਵਾਜ਼ ’ਚ ਭਜਨ ਵਜਾਉਣ ’ਤੇ ਲਾਠੀਆਂ ਨਾਲ ਹਮਲਾ ਕੀਤਾ ਸੀ। ਪੁਲੀਸ ਨੂੰ ਜਿਵੇਂ ਹੀ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਦੋਵੇਂ ਭਰਾਵਾਂ ਨੂੰ ਅਹਿਮਦਾਬਾਦ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਜਸਵੰਤ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ