ਨਵੀਂ ਦਿੱਲੀ: ਚੋਣ ਕਮਿਸ਼ਨ 11 ਅਗਸਤ ਨੂੰ ‘ਏਸ਼ਿਆਈ ਖੇਤਰੀ ਫੋਰਮ’ ਦੀ ਮੀਟਿੰਗ ਡਿਜੀਟਲ ਢੰਗ ਨਾਲ ਕਰਵਾਏਗਾ ਜਿਸ ਦਾ ਮੁੱਖ ਵਿਸ਼ਾ ਚੋਣਾਂ ਵਿੱਚ ਸਾਰਿਆਂ ਦੀ ਸ਼ਮੂਲੀਅਤ ਨੂੰ ਸੁਖਾਲਾ ਬਣਾਉਣ ਨਾਲ ਸਬੰਧਤ ਹੋਵੇਗਾ। ਕਮਿਸ਼ਨ ਨੇ ਅੱਜ ਕਿਹਾ ਕਿ ਇਹ ਮੀਟਿੰਗ ਆਉਣ ਵਾਲੇ ਮਹੀਨੇ ’ਚ ਮੈਕਸਿਕੋ ’ਚ ਕੌਮੀ ਵੋਟਰ ਸੰਸਥਾ ਵੱਲੋਂ ਕਰਵਾਏ ਜਾਣ ਵਾਲੇ ‘ਜਮਹੂਰੀਅਤ ਦੇ ਆਲਮੀ ਸੰਮੇਲਨ’ ਤੋਂ ਪਹਿਲਾਂ ਕੀਤੀ ਜਾ ਰਹੀ ਹੈ। ਆਲਮੀ ਸੰਮੇਲਨ ਤੇ ਖੇਤਰੀ ਫੋਰਮ ਦੀਆਂ ਮੀਟਿੰਗਾਂ ਦਾ ਟੀਚਾ ਕੌਮਾਂਤਰੀ ਸੰਗਠਨਾਂ ਤੇ ਦੁਨੀਆ ਦੀਆਂ ਚੋਣ ਸੰਸਥਾਵਾਂ ਵਿਚਾਲੇ ਤਾਲਮੇਲ ਬਣਾਉਣਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਚੋਣ ਕਮਿਸ਼ਨ ਅਨੂਪ ਚੰਦਰ ਪਾਂਡੇ ਏਸ਼ਿਆਈ ਖੇਤਰੀ ਫੋਰਮ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੀਟਿੰਗ ’ਚ ਮੈਕਸਿਕੋ, ਮਾਰੀਸ਼ਸ, ਫਿਲਪੀਨਜ਼, ਨੇਪਾਲ ਤੇ ਹੋਰ ਆਲਮੀ ਚੋਣ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। -ਪੀਟੀਆਈ