ਨਵੀਂ ਦਿੱਲੀ: ਭਾਰਤੀ ਜਲ ਸੈਨਾ ਦਾ ਮਿੱਗ-29ਕੇ ਟਰੇਨਰ ਹਵਾਈ ਜਹਾਜ਼ ਵੀਰਵਾਰ ਨੂੰ ਅਰਬ ਸਾਗਰ ਵਿੱਚ ਜਾ ਡਿੱਗਿਆ, ਜਿਸ ਮਗਰੋਂ ਇੱਕ ਪਾਇਲਟ ਨੂੰ ਬਚਾਅ ਲਿਆ ਗਿਆ ਜਦਕਿ ਦੂਜਾ ਅਜੇ ਲਾਪਤਾ ਹੈ। ਜਲ ਸੈਨਾ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਘਟਨਾ ਬੀਤੀ ਸ਼ਾਮ 5 ਵਜੇ ਵਾਪਰੀ। ਅਧਿਕਾਰੀ ਅਨੁਸਾਰ,‘‘ਇੱਕ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਦਕਿ ਦੂਜੇ ਪਾਇਲਟ ਦੀ ਭਾਲ ਵਿੱਚ ਹਵਾਈ ਅਤੇ ਜ਼ਮੀਨੀ ਇਕਾਈਆਂ ਜੁਟੀਆਂ ਹੋਈਆਂ ਹਨ।’’ ਜਲ ਸੈਨਾ ਵਲੋਂ ਲਾਪਤਾ ਪਾਇਲਟ ਦੀ ਭਾਲ ਲਈ ਹਵਾਈ ਜਹਾਜ਼ ਅਤੇ ਕਿਸ਼ਤੀਆਂ ਲਾਈਆਂ ਹੋਈਆਂ ਹਨ। ਅਧਿਕਾਰੀਆਂ ਅਨੁਸਾਰ ਘਟਨਾ ਦੀ ਜਾਂਚ ਲਈ ਉੱਚ-ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਰੂਸੀ ਮੂਲ ਦੇ ਇਸ ਜਹਾਜ਼ ਨੇ ਆਈਐੱਨਅੇੱਸ ਵਿਕਰਮਆਦਿੱਤਿਆ ਤੋਂ ਉਡਾਣ ਭਰੀ ਸੀ। -ਪੀਟੀਆਈ