ਚਾਮਰਾਜਨਗਰ, 23 ਅਕਤੂਬਰ
ਕਰਨਾਟਕ ਦੇ ਮੰਤਰੀ ਵੀ. ਸੋਮੰਨਾ ਦੀ ਅੱਜ ਇਕ ਔਰਤ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੰਤਰੀ ਨੇ ਮੁਆਫ਼ੀ ਮੰਗੀ ਹੈ। ਇਹ ਔਰਤ ਆਪਣੀ ਸ਼ਿਕਾਇਤ ਦੇ ਹੱਲ ਲਈ ਮੰਤਰੀ ਕੋਲ ਆਈ ਸੀ। ਵੇਰਵਿਆਂ ਮੁਤਾਬਕ ਮਕਾਨ ਤੇ ਉਸਾਰੀ ਬਾਰੇ ਮੰਤਰੀ ਹਾਂਗਲਾ ਪਿੰਡ ’ਚ ਇਕ ਸਮਾਗਮ ਵਿਚ ਹਿੱਸਾ ਲੈਣ ਆਏ ਸਨ। ਇਹ ਸਮਾਗਮ ਬੇਜ਼ਮੀਨੇ ਲੋਕਾਂ ਨੂੰ ਜਾਇਦਾਦ ਦੀ ਮਾਲਕੀ ਦੇ ਕਾਗਜ਼ਾਤ ਦੇਣ ਲਈ ਰੱਖਿਆ ਗਿਆ ਸੀ। ਇਹ ਲੋਕ ਸਰਕਾਰੀ ਜ਼ਮੀਨ ’ਤੇ ਰਹਿ ਰਹੇ ਸਨ। ਸਮਾਗਮ ਦੌਰਾਨ ਹੀ ਮਹਿਲਾ, ਜਿਸ ਦੀ ਸ਼ਨਾਖ਼ਤ ਕੇਮਪੱਮਾ ਵਜੋਂ ਹੋਈ ਹੈ, ਨੇ ਮੰਤਰੀ ਨੂੰ ਮਿਲ ਕੇ ਪਲਾਟ ਅਲਾਟ ਕਰਨ ਦੀ ਮੰਗ ਕੀਤੀ ਸੀ। ਮੌਕੇ ’ਤੇ ਜਮ੍ਹਾਂ ਹੋਈ ਲੋਕਾਂ ਦੀ ਭੀੜ ਕਾਰਨ ਮੰਤਰੀ ਨੂੰ ਧੱਕਾ ਲੱਗਾ ਤੇ ਉਨ੍ਹਾਂ ਗੁੱਸੇ ਵਿਚ ਔਰਤ ਦੇ ਥੱਪੜ ਮਾਰ ਦਿੱਤਾ। ਬਾਅਦ ਵਿਚ ਮੰਤਰੀ ਨੇ ਕਿਹਾ, ‘ਕੁਝ ਗਲਤ ਨਹੀਂ ਹੋਇਆ ਹੈ। ਮੈਂ 40 ਸਾਲਾਂ ਤੋਂ ਸਿਆਸਤ ਵਿਚ ਹਾਂ। ਇਹ ਪ੍ਰੋਗਰਾਮ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਲਈ ਸੀ। ਹਾਲਾਂਕਿ ਮੈਂ ਦੁਰਵਿਹਾਰ ਨਹੀਂ ਕੀਤਾ ਪਰ ਫਿਰ ਵੀ ਜੇ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ ਤੇ ਮੈਨੂੰ ਅਫ਼ਸੋਸ ਹੈ।’ ਮੰਤਰੀ ਨੇ ਕਿਹਾ ਕਿ ਉਹ ਮਹਿਲਾ ਨੂੰ ਵਾਰ-ਵਾਰ ਮੰਚ ਉਤੇ ਚੜਨ੍ਹ ਤੋਂ ਰੋਕ ਰਹੇ ਸਨ। ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਸਿੱਧਾਰਮਈਆ ਨੇ ਸੋਮੰਨਾ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਘਟਨਾ ਤੋਂ ‘ਉਨ੍ਹਾਂ ਦਾ ਸਭਿਆਚਾਰ’ ਜ਼ਾਹਿਰ ਹੋ ਗਿਆ ਹੈ। ਇਕ ਔਰਤ ਆਪਣਾ ਦੁੱਖ ਸਰਕਾਰ ਨੂੰ ਦੱਸ ਰਹੀ ਸੀ, ਪਰ ਉਸ ਨੂੰ ਜਵਾਬ ਮਾੜੇ ਸ਼ਬਦਾਂ ਵਿਚ ਮਿਲਿਆ। ਸੱਤਾਧਾਰੀਆਂ ਕੋਲ ਧੀਰਜ ਹੋਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਸੋਮੰਨਾ ਮੰਤਰੀ ਬਣੇ ਰਹਿਣ ਦੇ ਕਾਬਿਲ ਨਹੀਂ ਹਨ। ਕਰਨਾਟਕ ਕਾਂਗਰਸ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, ‘ਹੰਕਾਰ ਭਾਜਪਾ ਮੰਤਰੀਆਂ ਦੇ ਸਿਰ ਨੂੰ ਚੜ੍ਹ ਗਿਆ ਹੈ।’ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੰਤਰੀ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਸੋਮੰਨਾ ਦੇ ਦਫ਼ਤਰ ਨੇ ਮਗਰੋਂ ਇਕ ਵੀਡੀਓ ਵੀ ਸ਼ੇਅਰ ਕੀਤੀ ਜਿਸ ’ਚ ਔਰਤ ਕਹਿ ਰਹੀ ਹੈ ਕਿ ਉਸ ਦੇ ਥੱਪੜ ਨਹੀਂ ਮਾਰਿਆ ਗਿਆ ਬਲਕਿ ਮੰਤਰੀ ‘ਉਸ ਨੂੰ ਪੈਰਾਂ ’ਚੋਂ ਉਠਾ ਕੇ ਦੁੱਖ ਵੰਡਾ ਰਹੇ ਸਨ, ਤੇ ਇਸ ਨੂੰ ਥੱਪੜ ਵਜੋਂ ਪ੍ਰਚਾਰ ਦਿੱਤਾ ਗਿਆ।’ -ਪੀਟੀਆਈ
ਕਾਂਗਰਸ ਆਗੂ ਬਾਰੇ ਅਪਮਾਨਜਨਕ ਪੋਸਟ ਪਾਉਣ ’ਤੇ ਕੇਸ ਦਰਜ
ਮੰਗਲੁਰੂ: ਕਾਂਗਰਸ ਆਗੂ ਪ੍ਰਤਿਭਾ ਕੁਲਈ ਬਾਰੇ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਪੋਸਟ ਪਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਹਿਲਾ ਪੁਲੀਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਵਿਅਕਤੀ ਨੇ ਪ੍ਰਤਿਭਾ ਦੀ ਇਕ ਫੋਟੋ ਤੇ ਵੀਡੀਓ ਅਪਲੋਡ ਕੀਤੀ ਸੀ। ਸ਼ਿਆਮਾ ਸੁਦਰਸ਼ਨ ਭੱਟ ’ਤੇ ਇਹ ਕੇਸ ਕਾਂਗਰਸ ਆਗੂ ਦੀ ਸ਼ਿਕਾਇਤ ਉਤੇ ਦਰਜ ਕੀਤਾ ਗਿਆ ਹੈ। ਆਪਣੀ ਸ਼ਿਕਾਇਤ ਵਿਚ ਕੁਲਈ ਨੇ ਕਿਹਾ ਕਿ ਉਸ ਦੀਆਂ ਫੋਟੋਆਂ ਤੇ ਵੀਡੀਓਜ਼ ਛੇੜਛਾੜ ਕਰ ਕੇ ਅਪਲੋਡ ਕੀਤੀਆਂ ਗਈਆਂ ਹਨ। ਪੁਲੀਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ