ਨਵੀਂ ਦਿੱਲੀ, 2 ਨਵੰਬਰ
ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਨੌਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਾਹਿਰਾਂ ਦੀਆਂ ਕੇਂਦਰੀ ਟੀਮਾਂ ਨੂੰ ਡੇਂਗੂ ਦੀ ਰੋਕਥਾਮ ਦੇ ਪ੍ਰਬੰਧਨ ਲਈ ਮਾਰਗਦਰਸ਼ਨ ਦੇਣ ਤੇ ਮਦਦ ਲਈ ਭੇਜਿਆ ਹੈ। ਇਹ ਕਦਮ ਹਰਿਆਣਾ, ਪੰਜਾਬ, ਕੇਰਲ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਡੇਂਗੂ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਚੁੱਕਿਆ ਗਿਆ ਹੈ।
ਮਾਹਿਰਾਂ ਦੀ ਟੀਮ ਵਿੱਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਅਧਿਕਾਰੀ ਸ਼ਾਮਲ ਹਨ। ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸੋਮਵਾਰ ਨੂੰ ਕੇਂਦਰੀ ਸਿਹਤ ਸਕੱਤਰ ਨੂੰ ਡੇਂਗੂ ਦੇ ਵਧੇਰੇ ਸਰਗਰਮ ਕੇਸਾਂ ਵਾਲੇ ਰਾਜਾਂ ਦੀ ਪਛਾਣ ਕਰਨ ਅਤੇ ਮਾਹਿਰਾਂ ਦੀਆਂ ਟੀਮਾਂ ਭੇਜਣ ਦੇ ਨਿਰਦੇਸ਼ ਦਿੱਤੇ ਸਨ । ਇਸ ਸਾਲ ਹੁਣ ਤੱਕ ਦਿੱਲੀ ਵਿੱਚ ਡੇਂਗੂ ਦੇ 1,530 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 1,200 ਦੇ ਕਰੀਬ ਸਿਰਫ਼ ਅਕਤੂਬਰ ਵਿੱਚ ਹੀ ਦਰਜ ਕੀਤੇ ਗਏ ਹਨ, ਜੋ ਪਿਛਲੇ ਚਾਰ ਸਾਲਾਂ ਵਿੱਚ ਇਸ ਮਹੀਨੇ ਵਿੱਚ ਸਭ ਤੋਂ ਵੱਧ ਹਨ। -ਏਜੰਸੀ