ਨਵੀਂ ਦਿੱਲੀ, 9 ਜੁਲਾਈ
ਕੇਂਦਰੀ ਗ੍ਰਹਿ ਮੰਤਰਾਲੇ ਨੇ ਖਾਲਿਸਤਾਨ ਪੱਖੀ ਗੁੱਟ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੀਆਂ ਭਾਰਤ ਵਿਰੋਧੀ ਸਰਗਰਮੀਆਂ ਲਈ ਉਸ ’ਤੇ ਲਾਈ ਗਈ ਪਾਬੰਦੀ ਪੰਜ ਸਾਲ ਹੋਰ ਵਧਾ ਦਿੱਤੀ ਹੈ। ਇਹ ਪਾਬੰਦੀ 10 ਜੁਲਾਈ ਤੋਂ ਲਾਗੂ ਹੋਵੇਗੀ।
ਅੱਜ ਜਾਰੀ ਇੱਕ ਨੋਟੀਫਿਕੇਸ਼ਨ ’ਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਐੱਸਐੱਫਜੇ ਨੂੰ ਇਸ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਜੋ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਏਕਤਾ ਲਈ ਹਾਨੀਕਾਰਕ ਹਨ, ਲਈ ਪੰਜ ਸਾਲ ਪਹਿਲਾਂ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਪਾਬੰਦੀਸ਼ੁਦਾ ਸੰਗਠਨ ਐਲਾਨਿਆ ਗਿਆ ਸੀ। ਇਸ ਵਿੱਚ ਕਿਹਾ ਗਿਆ ਕਿ ਐੱਸਐੱਫਜੇ ਪੰਜਾਬ ਤੇ ਹੋਰ ਥਾਈਂ ਦੇਸ਼ ਵਿਰੋਧੀ ਅਤੇ ਮਾਰੂ ਸਰਗਰਮੀਆਂ ’ਚ ਸ਼ਾਮਲ ਹੈ ਇਸ ਦਾ ਇਰਾਦਾ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ’ਚ ਵਿਘਨ ਪਾਉਣ ਦਾ ਹੈ। ਮੰਤਰਾਲੇ ਨੇ ਕਿਹਾ ਕਿ ਐੱਸਐੱਫਜੇ ਭਾਰਤੀ ਖੇਤਰ ਦੇ ਇੱਕ ਹਿੱਸੇ ਨੂੰ ਭਾਰਤ ਤੋਂ ਵੱਖ ਕਰਨ ਲਈ ਸਰਗਰਮੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਤੇ ਇਸ ਮਨਸ਼ੇ ਲਈ ਭਾਰਤ ਅਤੇ ਹੋਰ ਥਾਵਾਂ ਤੋਂ ਲੜ ਰਹੇ ਵੱਖਵਾਦੀ ਗੁੱਟਾਂ ਦੀ ਮਦਦ ਕਰ ਰਿਹਾ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਕਿ ਵੱਖ-ਵੱਖ ਮਾਰੂ ਸਰਗਰਮੀਆਂ ’ਚ ਐੱਸਐੱਫਜੇ ਦੀ ਭੂਮਿਕਾ ਨੂੰ ਦੇਖਦਿਆਂ ਗ੍ਰਹਿ ਮੰਤਰਾਲੇ ਨੇ ਯੂਏਪੀਏ ਤਹਿਤ ਲਾਈਆਂ ਪਾਬੰਦੀਆਂ 10 ਜੁਲਾਈ ਤੋਂ ਪੰਜ ਸਾਲ ਤੱਕ ਲਈ ਵਧਾ ਦਿੱਤੀਆਂ ਹਨ। -ਪੀਟੀਆਈ