ਨਵੀਂ ਦਿੱਲੀ, 2 ਜੁਲਾਈ
ਗੁਜਰਾਤ ਅਤੇ ਰਾਜਸਥਾਨ ਵਿੱਚ ਰੁੱਤ ਦੇ ਪਹਿਲੇ ਮੀਂਹ ਦੇ ਨਾਲ ਹੀ ਦੱੱਖਣ-ਪੱਛਮੀ ਮੌਨਸੂਨ ਪੂਰੇ ਦੇਸ਼ ਵਿੱਚ ਛੇ ਦਿਨ ਪਹਿਲਾਂ ਹੀ ਪਹੁੰਚ ਗਈ ਹੈ। ਕੇਰਲ ਵਿੱਚ ਮੌਨਸੂਨ 29 ਮਈ ਨੂੰ ਹੀ ਪਹੁੰਚ ਗਈ ਸੀ। ਮੌਸਮ ਵਿਭਾਗ ਨੇ ਕਿਹਾ, ‘‘ਦੱਖਣ-ਪੱਛਮੀ ਮੌਨਸੂਨ ਨੇ ਛੇ ਦਿਨ ਪਹਿਲਾਂ ਹੀ ਸ਼ਨਿਚਰਵਾਰ ਨੂੰ ਪੂਰੇ ਮੁਲਕ ਵਿੱਚ ਦਸਤਕ ਦੇ ਦਿੱਤੀ ਹੈ।’’ ਰਾਜਸਥਾਨ ਅਤੇ ਪੱਛਮੀ ਗੁਜਰਾਤ ਦੇ ਕੁੱਝ ਹਿੱਸਿਆਂ, ਜਿੱਥੇ ਹਾਲੇ ਮੌਨਸੂਨ ਨਹੀਂ ਆਈ ਸੀ, ਉੱਥੇ ਵੀ ਮੀਂਹ ਸ਼ੁਰੂ ਹੋ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਵਿੱਚ ਉੜੀਸਾ, ਗੁਜਰਾਤ, ਕੋਂਕਣ ਅਤੇ ਗੋਆ ਵਿੱਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਚਾਰ ਅਤੇ ਪੰਜ ਜੁਲਾਈ ਨੂੰ ਮੱਧ ਭਾਰਤ ਅਤੇ ਪੰਜ ਅਤੇ ਛੇ ਜੁਲਾਈ ਨੂੰ ਉੱਤਰ-ਪੱਛਮੀ ਭਾਰਤ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਰਾਜਸਥਾਨ ਨੂੰ ਛੱਡ ਕੇ ਮੌਨਸੂਨ ਦੇ ਕੋਰ ਜ਼ੋਨ ਵਿੱਚ ਆਉਣ ਵਾਲੇ ਸਾਰਿਆਂ ਸੂਬਿਆਂ ਵਿੱਚ ਹੁਣ ਤੱਕ ਘੱਟ ਮੀਂਹ ਪਿਆ ਹੈ। ਮੌਨਸੂਨ ਕੋਰ ਜ਼ੋਨ ਵਿੱਚ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਉੜੀਸਾ ਸੂਬੇ ਆਉਂਦੇ ਹਨ, ਜਿੱਥੋਂ ਦੀ ਖੇਤੀ ਮੀਂਹ ’ਤੇ ਨਿਰਭਰ ਕਰਦੀ ਹੈ। ਮੌਸਮ ਵਿਭਾਗ ਅਨੁਸਾਰ ਗੁਜਰਾਤ ਵਿੱਚ ਦੋ ਜੁਲਾਈ ਤੱਕ ਔਸਤ ਨਾਲੋਂ 37 ਫੀਸਦੀ ਘੱਟ ਮੀਂਹ ਪਿਆ। -ਪੀਟੀਆਈ
ਗੁਜਰਾਤ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ
ਅਹਿਮਦਾਬਾਦ: ਗੁਜਰਾਤ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸੂਰਤ, ਬਨਾਸਕਾਂਠਾ ਅਤੇ ਆਨੰਦ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੱਕ 209 ਮਿਲੀਮੀਟਰ ਮੀਂਹ ਪੈਣ ਕਾਰਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੋਰਸਾਦ ਤਹਿਸੀਲ ਦੇ ਕੁੱਝ ਪਿੰਡਾਂ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਹੜ੍ਹ ਆਉਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਇਨਾਤ ਐੱਨਡੀਆਰਐੱਫ ਦੀ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਪਿੰਡਾਂ ’ਚੋਂ 380 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਲਸਾਣਾ ਵਿੱਚ ਸਭ ਤੋਂ ਜ਼ਿਆਦਾ 209 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬਰਦੋਲੀ ਵਿੱਚ 125 ਮਿਲੀਮੀਟਰ, ਓਲਪਾਡ ਵਿੱਚ 118 ਮਿਲੀਮੀਟਰ ਅਤੇ ਚੋਰਿਆਸੀ ਵਿੱਚ 117 ਮਿਲੀਮੀਟਰ ਮੀਂਹ ਪਿਆ। -ਪੀਟੀਆਈ
ਅਸਾਮ: ਨਦੀ ਦਾ ਬੰਨ੍ਹ ਤੋੜਨ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਹੈਲਾਕਾਂਡੀ: ਅਸਾਮ ਦੇ ਕਛਾਰ ਜ਼ਿਲ੍ਹੇ ਵਿੱਚ ਬਰਾਕ ਨਦੀ ਦਾ ਬੰਨ੍ਹ ਤੋੜਨ ਦੇ ਦੋਸ਼ ਹੇਠ ਅੱਜ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹ ਬੰਨ੍ਹ ਟੁੱਟਣ ਕਾਰਨ ਹੀ ਸਿਲਚਰ ਵਿੱਚ ਹੜ੍ਹ ਆਇਆ। ਉਨ੍ਹਾਂ ਦੱਸਿਆ ਕਿ ਬੇਥਕੁੰਡੀ ਇਲਾਕੇ ਦੇ ਰਹਿਣ ਵਾਲੇ ਕਾਬੁਲ ਖਾਨ ਨੂੰ ਸ਼ੁੱਕਰਵਾਰ ਰਾਤ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਖਾਨ ਨੇ ਬੰਨ੍ਹ ਤੋੜਨ ਦੀ ਵੀਡੀਓ ਬਣਾਈ ਸੀ ਅਤੇ ਇਹ ਵੀਡੀਓ ਸਥਾਨਕ ਲੋਕਾਂ ਨੇ ਬੀਤੇ ਦਿਨੀਂ ਇਲਾਕੇ ਵਿੱਚ ਦੌਰੇ ’ਤੇ ਆਏ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਦਿਖਾਈ ਸੀ। ਸਰਮਾ ਨੇ ਲੋਕਾਂ ਨੂੰ ਵੀਡੀਓ ਵਿਚਲੀ ਆਵਾਜ਼ ਪਛਾਨਣ ਲਈ ਕਿਹਾ ਸੀ। ਬਾਅਦ ਵਿੱਚ ਉਸ ਵਿਅਕਤੀ ਦੀ ਦੀ ਪਛਾਣ ਕਾਬੁਲ ਖਾਨ ਵਜੋਂ ਹੋਈ ਹੈ। -ਪੀਟੀਆਈ