ਥਾਣੇ, 12 ਅਗਸਤ
ਹਸਪਤਾਲਾਂ ਵੱਲੋਂ ਕਰੋਨਾਵਾਇਰਸ ਮਰੀਜ਼ਾਂ ਤੋਂ ਵਸੂਲੀ ਗਈ 51 ਫ਼ੀਸਦੀ ਜ਼ਿਆਦਾ ਰਕਮ ਨੂੰ ਮਹਾਰਾਸ਼ਟਰ ’ਚ ਕਲਿਆਣ ਡੋਮਬੀਵਲੀ ਨਗਰ ਨਿਗਮ ਨੇ ਮੋੜ ਦਿੱਤਾ ਹੈ। ਮਰੀਜ਼ਾਂ ਤੋਂ ਜ਼ਿਆਦਾ ਰਕਮ ਵਸੂਲੇ ਜਾਣ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਨਗਰ ਨਿਗਮ ਦੇ ਕਮਿਸ਼ਨਰ ਡਾਕਟਰ ਵਿਜੈ ਸੂਰਿਆਵੰਸ਼ੀ ਨੇ ਸਾਰੇ ਹਸਪਤਾਲਾਂ ਦਾ ਆਡਿਟ ਕਰਨ ਦੇ ਹੁਕਮ ਦਿੱਤੇ ਸਨ। ਆਡਿਟ ਦੌਰਾਨ ਪਤਾ ਲੱਗਾ ਕਿ ਕਲਿਆਣ ਅਤੇ ਡੋਮਬੀਵਲੀ ਇਲਾਕਿਆਂ ਦੇ 15 ਹਸਪਤਾਲਾਂ ਨੇ ਮਰੀਜ਼ਾਂ ਤੋਂ 31.45 ਲੱਖ ਰੁਪਏ ਦੀ ਵਧੇਰੇ ਰਾਸ਼ੀ ਵਸੂਲ ਕੀਤੀ ਸੀ। ਨਗਰ ਨਿਗਮ ਨੇ ਇਨ੍ਹਾਂ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 16.15 ਲੱਖ ਰੁਪਏ ਵਾਪਸ ਲੈ ਲਏ ਸਨ। ਇਨ੍ਹਾਂ ਹਸਪਤਾਲਾਂ ਨੇ ਮਰੀਜ਼ਾਂ ਨੂੰ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ। ਕਲਿਆਣ ’ਚ ਇਕ ਹਸਪਤਾਲ ਨੂੰ 80 ਫ਼ੀਸਦੀ ਬੈੱਡ ਮਰੀਜ਼ਾਂ ਲਈ ਰਾਖਵੇਂ ਨਾ ਰੱਖਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਨਗਰ ਨਿਗਮ ਨੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਹਸਪਤਾਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੇ ਨਾਲ ਨਾਲ ਹੋਰ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।
-ਪੀਟੀਆਈ