ਨਵੀਂ ਦਿੱਲੀ: ਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਨਵੇਂ ਚੀਫ ਜਸਟਿਸ ਮਿਲਣਗੇ ਕਿਉਂਕਿ ਚੀਫ ਜਸਟਿਸ ਐੱਨਵੀ ਰਾਮੰਨਾ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ (ਜੱਜਾਂ ਦੇ ਸਮੂਹ) ਨੇ ਕੇਂਦਰ ਨੂੰ ਤਰੱਕੀ ਲਈ ਅੱਠ ਨਾਵਾਂ ਦੀ ਸਿਫਾਰਸ਼ ਭੇਜੀ ਹੈ ਜਿਨ੍ਹਾਂ ’ਚ ਕਲਕੱਤਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਰਾਜੇਸ਼ ਬਿੰਦਲ ਦਾ ਨਾਂ ਵੀ ਸ਼ਾਮਲ ਹੈ। ਕੌਲਿਜੀਅਮ ਨੇ ਪੰਜ ਚੀਫ ਜਸਟਿਸਾਂ ਨੂੰ ਵੱਖ ਵੱਖ ਹਾਈ ਕੋਰਟਾਂ ’ਚ ਤਬਦੀਲ ਕਰਨ ਦੀ ਸਿਫਾਰਸ਼ ਵੀ ਕੀਤੀ ਹੈ। ਕੌਲਿਜੀਅਮ ਦਾ ਇਹ ਫ਼ੈਸਲਾ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅੱਜ ਅਪਲੋਡ ਕੀਤਾ ਗਿਆ ਹੈ। ਜਸਟਿਸ ਯੂਯੂ ਲਲਿਤ ਤੇ ਜਸਟਿਸ ਏਐੱਮ ਖਾਨਵਿਲਕਰ ਵੀ ਕੌਲਿਜੀਅਮ ਦਾ ਹਿੱਸਾ ਹਨ। ਕੇਂਦਰ ਕੌਲਿਜੀਅਮ ਦੀਆਂ ਸਿਫਾਰਸ਼ਾਂ ਮੰਨ ਲੈਂਦਾ ਹੈ ਤਾਂ ਜਸਟਿਸ ਬਿੰਦਲ ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਬਣ ਜਾਣਗੇ। ਉਨ੍ਹਾਂ ਤੋਂ ਇਲਾਵਾ ਸੱਤ ਹੋਰ ਜੱਜਾਂ ਨੂੰ ਚੀਫ ਜਸਟਿਸ ਬਣਾਉਣ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ‘ਸੁਪਰੀਮ ਕੋਰਟ ਦੇ ਕੌਲਿਜੀਅਮ ਦੀ 16 ਸਤੰਬਰ 2021 ਨੂੰ ਹੋਈ ਮੀਟਿੰਗ ’ਚ ਜੱਜਾਂ ਨੂੰ ਹਾਈ ਕੋਰਟਾਂ ਦੇ ਜੱਜਾਂ ਦੇ ਅਹੁਦੇ ’ਤੇ ਤਰੱਕੀ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।’
ਕੌਲਿਜੀਅਮ ਨੇ ਜਸਟਿਸ ਬਿੰਦਲ ਤੋਂ ਇਲਾਵਾ ਜਸਟਿਸ ਰਣਜੀਤ ਵੀ ਮੋਰੇ, ਜਸਟਿਸ ਸਤੀਸ਼ ਚੰਦਰ ਸ਼ਰਮਾ, ਜਸਟਿਸ ਪ੍ਰਕਾਸ਼ ਸ੍ਰੀਵਾਸਤਵ, ਜਸਟਿਸ ਆਰਵੀ ਮਲੀਮਥ, ਜਸਟਿਸ ਰਿਤੂ ਰਾਜ ਅਵਸਥੀ, ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਨਾਵਾਂ ਦੀ ਸਿਫਾਰਸ਼ ਕ੍ਰਮਵਾਰ ਮੇਘਾਲਿਆ, ਤਿਲੰਗਾਨਾ, ਕਲਕੱਤਾ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ ਤੇ ਆਂਧਰਾ ਪ੍ਰਦੇਸ਼ ਦੇ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਵਜੋਂ ਕੀਤੀ ਹੈ। -ਪੀਟੀਆਈ