ਨਵੀਂ ਦਿੱਲੀ, 5 ਜੁਲਾਈ
‘ਅਗਨੀਪਥ’ ਯੋਜਨਾ ਤਹਿਤ ਜਲ ਸੈਨਾ ਵੱਲੋਂ ਇਸ ਵਰ੍ਹੇ ਤਿੰਨ ਹਜ਼ਾਰ ਭਰਤੀਆਂ ਕੀਤੀਆਂ ਜਾਣਗੀਆਂ ਤੇ ਇਨ੍ਹਾਂ ਵਿੱਚੋਂ 20 ਫੀਸਦੀ ਭਰਤੀ ਮਹਿਲਾਵਾਂ ਦੀ ਹੋਵੇਗੀ। ਇਹ ਜਾਣਕਾਰੀ ਜਲ ਸੈਨਾ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਲ ਸੈਨਾ ਵੱਲੋਂ ‘ਅਗਨੀਪਥ’ ਯੋਜਨਾ ਤਹਿਤ ਭਰਤੀ ਲਈ ਰਜਿਸਟਰੇਸ਼ਨ ਪ੍ਰਕਿਰਿਆ ਪਹਿਲੀ ਜੁਲਾਈ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਨਲਾਈਨ ਅਰਜ਼ੀਆਂ 15 ਤੋਂ 30 ਜੁਲਾਈ ਵਿਚਾਲੇ ਦਿੱਤੀਆਂ ਜਾ ਸਕਣਗੀਆਂ। ਇਸ ਮਗਰੋਂ ਪ੍ਰੀਖਿਆ ਤੇ ਸਰੀਰਕ ਫਿਟਨੈੱਸ ਟੈਸਟ ਅੱਧ-ਅਕਤੂਬਰ ਵਿੱਚ ਹੋਣਗੇ। ਭਰਤੀ ਕੀਤੇ ਅਗਨੀਵੀਰਾਂ ਦਾ ਪਹਿਲਾ ਬੈਚ ਸਿਖਲਾਈ ਲਈ 21 ਨਵੰਬਰ ਨੂੰ ਉੜੀਸਾ ਦੇ ਆਈਐੱਨਐੱਸ ਚਿਲਕਾ ’ਤੇ ਰਿਪੋਰਟ ਕਰੇਗਾ। ਜਲ ਸੈਨਾ ਵੱਲੋਂ ਪਹਿਲੀ ਵਾਰ ਇਸ ਯੋਜਨਾ ਤਹਿਤ ਮਹਿਲਾ ਕਿਸ਼ਤੀ ਚਾਲਕਾਂ ਦੀ ਭਰਤੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ‘ਅਗਨੀਵੀਰ’ ਯੋਜਨਾ ਤਹਿਤ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਵੱਲੋਂ ਇਸ ਵਰ੍ਹੇ 46 ਹਜ਼ਾਰ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ ਤੇ ਆਉਣ ਵਾਲੇ ਸਾਲਾਂ ਵਿੱਚ ਭਰਤੀਆਂ ਦੀ ਗਿਣਤੀ ਵਧਾਈ ਵੀ ਜਾਵੇਗੀ। ਅਗਨੀਪਥ ਯੋਜਨਾ ਦਾ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਹੋਇਆ ਹੈ ਤੇ ਕਈ ਥਾਈਂ ਹਿੰਸਕ ਪ੍ਰਦਰਸ਼ਨ ਵੀ ਹੋਏ ਹਨ। ਇਸ ਯੋਜਨਾ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਾਈਆਂ ਗਈਆਂ ਪਟੀਸ਼ਨਾਂ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। ਇਸੇ ਦੌਰਾਨ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਜੰਮੂ, ਕਸ਼ਮੀਰ ਅਤੇ ਲੱਦਾਖ ਵਿੱਚ ਆਨਲਾਈਨ ਰਜਿਸਟਰੇਸ਼ਨ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਮਗਰੋਂ ਹੁਣ ਬਾਰਾਮੁਲਾ ਜ਼ਿਲ੍ਹੇ ਦੇ ਹੈਦਰਬੇਗ ਤੇ ਪੱਟਨ ਵਿੱਚ ਫੌਜੀ ਭਰਤੀ ਦਫ਼ਤਰ, ਸ੍ਰੀਨਗਰ, ਵੱਲੋਂ ਭਰਤੀ ਰੈਲੀ 17 ਸਤੰਬਰ ਤੋਂ 30 ਸਤੰਬਰ ਤਕ ਕਰਵਾਈ ਜਾਵੇਗੀ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦਾ ਜਨਮ ਪਹਿਲੀ ਅਕਤੂਬਰ 1999 ਅਤੇ ਪਹਿਲੀ ਅਪਰੈਲ 2005 ਦਰਮਿਆਨ ਹੋਇਆ ਹੈ ਤੇ ਉਹ ਅਗਨੀਵੀਰ ਵਜੋਂ ਭਰਤੀ ਲਈ ਵਿਦਿਅਕ ਯੋਗਤਾ ਰੱਖਦੇ ਹਨ ਅਤੇ ਜੰਮੂ-ਕਸ਼ਮੀਰ ਦੇ ਸ੍ਰੀਨਗਰ, ਅਨੰਤਨਾਗ, ਬਾਰਾਮੂਲਾ, ਪੁਲਵਾਮਾ, ਕੁਪਵਾੜਾ, ਕੁਲਗਾਮ, ਸ਼ੋਪੀਆਂ ਤੇ ਗੰਦਰਬਲ ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਿਤ ਲੱਦਾਖ ਦੇ ਵਸਨੀਕ ਹਨ ਤਾਂ ਉਹ ਅਗਨੀਵੀਰ ਵਜੋਂ ਭਰਤੀ ਲਈ ਅਰਜ਼ੀਆਂ ਦੇ ਸਕਦੇ ਹਨ। -ਪੀਟੀਆਈ