ਨਵੀਂ ਦਿੱਲੀ/ਰਾਏਪੁਰ, 8 ਅਪਰੈਲ
ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਪਿਛਲੇ ਦਿਨੀਂ ਨੀਮ ਫੌਜੀ ਬਲਾਂ ਦੀ ਟੁਕੜੀ ਨਾਲ ਹੋਏ ਮੁਕਾਬਲੇ ਦੌਰਾਨ ਅਗਵਾ ਕੀਤੇ ਕੋਬਰਾ ਕਮਾਂਡੋ ਨੂੰ ਨਕਸਲੀਆਂ ਨੇ ਅੱਜ ਸ਼ਾਮੀਂ ਰਿਹਾਅ ਕਰ ਦਿੱਤਾ ਹੈ। ਸੁਰੱਖਿਆ ਅਧਿਕਾਰੀਆਂ ਨੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਮਨਹਾਸ ਹਰੇ ਰੰਗ ਦੀ ਆਪਣੀ ਫੌਜੀ ਵਰਦੀ ਵਿੱਚ ਨਜ਼ਰ ਆ ਰਿਹਾ ਹੈ। ਤਸਵੀਰ ਦੇ ਪਿਛੋਕੜ ਵਿੱਚ ਸਥਾਨਕ ਲੋਕ ਹਨ ਤੇ ਉਹ ਘੱਟੋ-ਘੱਟ ਚਾਰ ‘ਵਾਰਤਾਕਾਰਾਂ’ ਨਾਲ ਖੜ੍ਹਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਤਸਵੀਰ ਦੀ ਤਸਦੀਕ ਨਹੀਂ ਹੋ ਸਕੀ। ਇਕ ਹੋਰ ਤਸਵੀਰ ਵਿੱਚ ਕਮਾਂਡੋ ਸਥਾਨਕ ਪੱਤਰਕਾਰ ਨਾਲ ਮੋਟਰਸਾਈਕਲ ’ਤੇ ਪਿੱਛੇ ਬੈਠਾ ਵਿਖਾਈ ਦੇ ਰਿਹਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਮਸਲੇ ਦੇ ਹੱਲ ਲਈ ਕਬਾਇਲੀ ਭਾਈਚਾਰੇ ਦੇ ਇਕ ਵਿਅਕਤੀ ਸਮੇਤ ਦੋ ਉੱਘੀਆਂ ਹਸਤੀਆਂ ਦੀ ਇਕ ਟੀਮ ਬਣਾਈ ਸੀ, ਜਿਸ ਮਗਰੋਂ ਮਾਓਵਾਦੀਆਂ ਨੇ 210ਵੀਂ ਕਮਾਂਡੋ ਬਟਾਲੀਅਨ (ਕੋਬਰਾ) ਦੇ ਕਾਂਸਟੇਬਲ ਰਾਕੇਸ਼ਵਰ ਸਿੰਘ ਮਨਹਾਸ ਨੂੰ ਰਿਹਾਅ ਕਰ ਦਿੱਤਾ ਹੈ। ਇਸ ਟੀਮ ’ਚ ਸ਼ਾਮਲ ਸਮਾਜਿਕ ਕਾਰਕੁਨ ਦੀ ਪਛਾਣ ਧਰਮਪਾਲ ਸੈਣੀ ਵਜੋਂ ਦੱਸੀ ਗਈ ਹੈ। ਸੂਤਰਾਂ ਨੇ ਕਿਹਾ ਕਿ ਮਨਹਾਸ ਨੂੰ ਬੀਜਾਪੁਰ ਦੇ ਬਾਸਾਗੁੜਾ ਕੈਂਪ ਵਿੱਚ ਸੀਆਰਪੀਐੱਫ ਦੇ ਡੀਆਈਜੀ(ਬੀਜਾਪੁਰ) ਕੋਮਲ ਸਿੰਘ ਦੇ ਹਵਾਲੇ ਕੀਤਾ ਗਿਆ ਸੀ ਤੇ ਮਗਰੋਂ ਉਹਦਾ ਮੈਡੀਕਲ ਮੁਆਇਨਾ ਵੀ ਕੀਤਾ ਗਿਆ। ਨੀਮ ਫੌਜੀ ਬਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿੱਛੋਂ ਜੰਮੂ ਨਾਲ ਸਬੰਧਤ ਇਸ ਕਮਾਂਡੋ ਨੂੰ ਰਿਹਾਈ ਮਗਰੋਂ ਬੀਜਾਪੁਰ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਤਾਰੇਮ ਕੈਂਪ ਵਿੱਚ ਲਿਆਂਦਾ ਗਿਆ ਹੈ, ਜਿੱਥੇ ਉਸ ਤੋਂ ਇਸ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਲਈ ਜਾਵੇਗੀ।-ਪੀਟੀਆਈ