ਮੁੰਬਈ, 2 ਜੁਲਾਈ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਅਜੀਤ ਪਵਾਰ ਵੱਲੋਂ ਏਕਨਾਥ ਸ਼ਿੰਦੇ ਦੀ ਸਰਕਾਰ ’ਚ ਸ਼ਾਮਲ ਹੋਣ ਤੋਂ ਬਾਅਦ ਅੱਜ ਜਿਤੇਂਦਰ ਅਵਹਦ ਨੂੰ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਆਗੂ ਨਿਯੁਕਤ ਕਰ ਦਿੱਤਾ ਹੈ। ਮੁੰਬਈ-ਕਾਲਵਾ ਤੋਂ ਵਿਧਾਇਕ ਅਵਹਦ ਨੇ ਕਿਹਾ ਕਿ ਐੱਨਸੀਪੀ ਦੀ ਸੂਬਾਈ ਇਕਾਈ ਦੇ ਪ੍ਰਧਾਨ ਜੈਅੰਤ ਪਾਟਿਲ ਨੇ ਉਨ੍ਹਾਂ ਪਾਰਟੀ ਦਾ ਮੁੱਖ ਵ੍ਹਿਪ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ ਉਨ੍ਹਾਂ ਵੱਲੋਂ ਜਾਰੀ ਵ੍ਹਿਪ ਮੰਨਣ ਲਈ ਪਾਬੰਦ ਹੋਣਗੇ। ਈਡੀ ਤੇ ਸੀਬੀਆਈ ਵੱਲੋਂ ਕੁਝ ਐੱਨਸੀਪੀ ਆਗੂਆਂ ਖ਼ਿਲਾਫ਼ ਕੀਤੀ ਜਾ ਰਹੀ ਜਾਂਚ ਕਾਰਨ ਉਨ੍ਹਾਂ ਦੇ ਪਾਰਟੀ ਬਦਲਣ ਸਬੰਧੀ ਸਵਾਲ ਬਾਰੇ ਉਨ੍ਹਾਂ ਕਿਹਾ, ‘ਮੈਨੂੰ ਇਨ੍ਹਾਂ ਆਗੂਆਂ ਦੇ ਸੂਬਾ ਸਰਕਾਰ ਵਿੱਚ ਸ਼ਾਮਲ ਹੋਣ ਪਿੱਛੇ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੂੰ ਅਜਿਹਾ ਕੁਝ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਇਹ ਆਗੂ ਇੱਕ ਪਾਸੇ ਬੈਠ ਸਕਦੇ ਸਨ।’ ਉਨ੍ਹਾਂ ਕਿਹਾ, ‘ਇਨ੍ਹਾਂ ਆਗੂਆਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਾਰਟੀ ਨੇ ਪਿਛਲੇ 25 ਸਾਲਾਂ ਤੋਂ ਉਨ੍ਹਾਂ ਨੂੰ ਮੰਤਰੀ ਬਣਾਇਆ ਹੈ। ਹੁਣ ਉਹ ਆਪਣੇ ਆਗੂ (83 ਸਾਲਾ ਸ਼ਰਦ ਪਵਾਰ) ਨੂੰ ਉਮਰ ਦੇ ਇਸ ਪੜਾਅ ’ਤੇ ਧੋਖਾ ਦੇ ਰਹੇ ਹਨ।’ -ਪੀਟੀਆਈ