ਤਿਰੂਵਨੰਤਪੁਰਮ, 2 ਅਗਸਤ
ਦਿੱਲੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪੱਛਮੀ ਘਾਟ ਖੇਤਰ ਵਿੱਚ ਲੱਭੇ ਗਏ ਡੱਡੂਆਂ ਦੀ ਇੱਕ ਨਵੀਂ ਪ੍ਰਜਾਤੀ ਦਾ ਨਾਂ ਸਾਬਕਾ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਤੇ ਪ੍ਰਸਿੱਧ ਭਾਰਤੀ ਪੌਦਾ ਵਿਗਿਆਨੀ ਪ੍ਰੋਫੈਸਰ ਦੀਪਕ ਪੇਂਟਲ ਦੇ ਨਾਂ ’ਤੇ ਰੱਖਿਆ ਹੈ। ਦਿੱਲੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਪ੍ਰੋਫੈਸਰ ਐਸ.ਡੀ. ਬੀਜੂ ਅਤੇ ਡਾ. ਸੋਨਾਲੀ ਗਰਗ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਪੱਛਮੀ ਘਾਟ ਜੈਵ ਵਿਭਿੰਨਤਾ ਖੇਤਰ ਤੋਂ ਡਾਈਕਰੋਗਲੋਸਸਿਡੇ ਪਰਿਵਾਰ ਨਾਲ ਸਬੰਧਤ ਡੱਡੂ ਦੀ ਇੱਕ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਹੈ। ਇਸ ਨਵੀਂ ਪ੍ਰਜਾਤੀ ਦਾ ਨਾਂ ‘ਮਿਨੇਰਵੇਰੀਆ ਪੇਂਟਲੀ’ ਰੱਖਿਆ ਗਿਆ ਹੈ। ਪ੍ਰੋਫੈਸਰ ਬੀਜੂ ਅਤੇ ਡਾ. ਗਰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਖੋਜ ਭਾਰਤੀ ਡੱਡੂ ਜੀਨਸ ਮਿਨੇਰਵੇਰੀਆ ਦੇ ਇੱਕ ਵੱਡੇ ਸਮੂਹ ’ਤੇ ਲਗਭਗ 10 ਸਾਲਾਂ ਤੋਂ ਕੀਤੇ ਗਏ ਵੱਡੇ ਅਧਿਐਨ ਦੌਰਾਨ ਕੀਤੀ ਗਈ ਸੀ। ਡੱਡੂ ਦੀ ਇਸ ਨਵੀਂ ਪ੍ਰਜਾਤੀ ਦੀ ਖੋਜ ਕਈ ਮਾਪਦੰਡਾਂ ਜਿਵੇਂ ਕਿ ਬਾਹਰੀ ਰੂਪ ਵਿਗਿਆਨ, ਡੀਐੱਨਏ ਅਤੇ ਕਾਲਿੰਗ ਪੈਟਰਨ ਦੀ ਪਛਾਣ ਕਰਕੇ ਕੀਤੀ ਗਈ ਹੈ।