ਨਵੀਂ ਦਿੱਲੀ, 19 ਜੁਲਾਈ
ਆਮਦਨ ਕਰ ਮਹਿਕਮੇ ਦੀ ਵਿਅਕਤੀ ਦੀ ਮੌਜੂਦਗੀ ਤੋਂ ਬਿਨਾਂ ਟੈਕਸ ਮੁਲਾਂਕਣ ਵਾਲੀ ਪ੍ਰਣਾਲੀ ਨੇ ਸਿਰਫ਼ 9 ਮਹੀਨਿਆਂ ’ਚ ਹੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਸਰਕਾਰੀ ਸੂਤਰਾਂ ਮੁਤਾਬਕ ਇਹ ਪ੍ਰਣਾਲੀ ਪਿਛਲੇ ਸਾਲ 7 ਅਕਤੂਬਰ ਨੂੰ ਲਾਗੂ ਕੀਤੀ ਗਈ ਸੀ। ਨਵੀਂ ਪ੍ਰਣਾਲੀ ਤਹਿਤ ਇਲੈਕਟ੍ਰਾਨਿਕ ਤਰੀਕੇ ਨਾਲ ਆਮਦਨ ਕਰ ਮੁਲਾਂਕਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਸੀ ਜਿਸ ਤਹਿਤ ਕਰਦਾਤਿਆਂ ਨੂੰ ਟੈਕਸ ਅਧਿਕਾਰੀ ਜਾਂ ਆਈਟੀ ਦਫ਼ਰਤ ਜਾਣ ਦੀ ਲੋੜ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਕਰਦਾਤੇ ਹੁਣ ਘਰੋਂ ਹੀ ਇਨਕਮ ਟੈਕਸ ਪੋਰਟਲ ਤੋਂ ਆਪਣੀ ਆਮਦਨ ਦੇ ਵੇਰਵੇ ਜਾਂ ਹੋਰ ਕੋਈ ਜਵਾਬ ਈ-ਫਾਈਲ ਕਰ ਸਕਦੇ ਹਨ। ਪਹਿਲੇ ਪੜਾਅ ਤਹਿਤ ਅਜਿਹੇ 58,319 ਕੇਸਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਕਰਦਾਤਿਆਂ ਨੂੰ ਆਈਟੀ ਦਫ਼ਤਰਾਂ ਦੇ ਗੇੜੇ ਨਹੀਂ ਕਟਣੇ ਪਏ। ਇਨ੍ਹਾਂ ’ਚੋਂ 7,116 ਕੇਸਾਂ ਦਾ ਬਿਨਾਂ ਕਿਸੇ ਦਿੱਕਤ ਦੇ ਨਿਪਟਾਰਾ ਕਰ ਦਿੱਤਾ ਗਿਆ ਜਦਕਿ 291 ਕੇਸਾਂ ’ਚ ਕੁਝ ਤਰਮੀਮਾਂ ਲਈ ਊਨ੍ਹਾਂ ਨੂੰ ਜੋਖਮ ਪ੍ਰਬੰਧਨ ਇਕਾਈ ਕੋਲ ਭੇਜਿਆ ਗਿਆ ਹੈ। ਕਰਦਾਤਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਊਹ ਨੋਟਿਸਾਂ ਜਾਂ ਅਪਡੇਟ ਲਈ ਰਜਿਸਟਰਡ ਈ-ਫਾਈਲਿੰਗ ਅਕਾਊਂਟ ਜਾਂ ਈ-ਮੇਲ ਆਈਡੀ ਨੂੰ ਚੈੱਕ ਕਰਨ। ਕਰਦਾਤਿਆਂ ਨਾਲ ਸਾਰੇ ਚਿੱਠੀ ਪੱਤਰੀ ਇਲੈਕਟ੍ਰਾਨਿਕ ਢੰਗ ਨਾਲ ਹੋਣ ਕਰ ਕੇ ਹੁਣ ਭ੍ਰਿਸ਼ਟਾਚਾਰ ਵੀ ਘੱਟ ਹੋ ਰਿਹਾ ਹੈ ਕਿਊਂਕਿ ਕਰਦਾਤਿਆਂ ਨੂੰ ਮੁਲਾਂਕਣ ਕਰਨ ਵਾਲੇ ਅਧਿਕਾਰੀਆਂ ਦਾ ਪਤਾ ਨਹੀਂ ਲਗਦਾ ਹੈ। -ਆਈਏਐਨਐਸ