ਨਵੀਂ ਦਿੱਲੀ, 17 ਨਵੰਬਰ
ਭਾਰਤੀ-ਅਮਰੀਕੀ ਲੇਖਕ ਚਿਤਰਾ ਬੈਨਰਜੀ ਦਿਵਾਕਰੁਨੀ ਵੱਲੋਂ ਲਿਖਿਆ ਨਵਾਂ ਨਾਵਲ 19ਵੀਂ ਸਦੀ ਦੀ ਸਭ ਤੋਂ ਨਿਡਰ ਔਰਤ- ਮਹਾਰਾਣੀ ਜਿੰਦਾਂ ਕੌਰ ਦਾ ਜੀਵਨ ਬਿਰਤਾਂਤ ਪਾਠਕਾਂ ਦੇ ਰੂਬਰੂ ਕਰੇਗਾ। ਪ੍ਰਕਾਸ਼ਕਾਂ ਨੇ ਐਲਾਨ ਕੀਤਾ ਕਿ ‘ਦਿ ਲਾਸਟ ਕੁਈਨ’ ਪੁਸਤਕ ਹਾਰਪਰਕੌਲਿਨਜ਼ ਇੰਡੀਆ ਵੱਲੋਂ ਜਨਵਰੀ 2021 ਵਿੱਚ ਰਿਲੀਜ਼ ਕੀਤੀ ਜਾਵੇਗੀ। ਖੂਬਸੂਰਤ ਜਿੰਦਾਂ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਚਹੇਤੀ ਰਾਣੀ ਹੋਣ ਤੋਂ ਇਲਾਵਾ ਸਭ ਤੋਂ ਘੱਟ ਉਮਰ ਦੀ ਅਤੇ ਆਖ਼ਰੀ ਰਾਣੀ ਸੀ। ਉਸ ਦੇ ਸਿਰਫ਼ ਛੇ ਸਾਲਾਂ ਦੇ ਪੁੱਤਰ ਦਲੀਪ ਸਿੰਘ ਦੇ ਮੋਢਿਆਂ ’ਤੇ ਤਖ਼ਤ ਦੀ ਜ਼ਿੰਮੇਵਾਰੀ ਆਉਣ ਦੌਰਾਨ ਮਹਾਰਾਣੀ ਜਿੰਦਾਂ ਮਹਾਨ ਯੋਧਾ ਬਣੀ। ਆਪਣੇ ਪੁੱਤਰ ਦੀ ਵਿਰਾਸਤ ਦੀ ਰੱਖਿਆ ਕਰਨ ਪ੍ਰਤੀ ਵਫ਼ਾਦਾਰ ਤੇ ਸਮਰਪਿਤ ਜਿੰਦਾਂ ਨੇ ਬ੍ਰਿਟਿਸ਼ ਰਾਜ ’ਤੇ ਭਰੋਸਾ ਨਾ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਨੂੰ ਉਨ੍ਹਾਂ ਦੇ ਰਾਜ ’ਚ ਮਿਲਾਉਣ ਤੋਂ ਰੋਕਣ ਲਈ ਕਾਫ਼ੀ ਸੰਘਰਸ਼ ਕੀਤਾ। ਉਸ ਤੋਂ ਡਰਦਿਆਂ ਬ੍ਰਿਟਿਸ਼ ਸ਼ਾਸਕਾਂ ਨੇ ਉਸ ਤੋਂ ਉਸ ਦੇ ਪੁੱਤਰ ਸਮੇਤ ਸਭ ਕੁਝ ਖੋਹ ਲਿਆ। ਉਸ ਨੂੰ ਕੈਦ ਕਰਨ ਮਗਰੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਪਰ ਇਸ ਸਭ ਦੇ ਬਾਵਜੂਦ ਉਸ ਨੇ ਹਿੰਮਤ ਨਾ ਹਾਰੀ । ਇਸ ਨਾਵਲ ਦੇ ਫ਼ਿਲਮੀ ਹੱਕਾਂ ਸਬੰਧੀ ਪਹਿਲਾਂ ਹੀ ਚਰਚਾ ਚੱਲ ਰਹੀ ਹੈ। ਲੇਖਕਾ ਦਿਵਾਕਰੁਨੀ ਨੇ ਕਿਹਾ ਕਿ ਉਹ ਪਾਠਕਾਂ ਅੱਗੇ ਵਿਲੱਖਣ ਤੇ ਹੁਣ ਤੱਕ ਵਿਸਾਰੀ ਰਹੀ ਮਹਾਰਾਣੀ ਜਿੰਦਾਂ ਕੌਰ ਦੀ ਸ਼ਖ਼ਸੀਅਤ ਪੇਸ਼ ਕਰ ਕੇ ਬਹੁਤ ਖੁਸ਼ ਹੈ। ਹਾਰਪਰਕੌਲਿਨਜ਼ ’ਚ ਪ੍ਰਕਾਸ਼ਕ (ਕਾਰੋਬਾਰ) ਦੀਆ ਕਰ ਦੇ ਮੁਤਾਬਕ ਦਿਵਾਕਰੁਨੀ ਵੱਲੋਂ ਕਹਾਣੀ ਕਹਿਣ ਦਾ ਵਿਲੱਖਣ ਢੰਗ ਇਸ ਸੰਸਾਰ ਲਈ ਨਾਯਾਬ ਤੋਹਫ਼ਾ ਹੈ। -ਪੀਟੀਆਈ