ਨਵੀਂ ਦਿੱਲੀ: ਜੇਈਈ ਮੇਨਜ਼ ਮਗਰੋਂ ਹੁਣ ਐੱਨਟੀਏ ਵੱਲੋਂ ਮੈਡੀਕਲ ਦਾਖ਼ਲਾ ਪ੍ਰੀਖਿਆ- ‘ਨੀਟ’ ਲੈਣ ਲਈ ਤਿਆਰੀ ਵਿੱਢ ਦਿੱਤੀ ਗਈ ਹੈ। ਇਹ ਪ੍ਰੀਖਿਆ 13 ਸਤੰਬਰ ਨੂੰ ਲਈ ਜਾਣੀ ਹੈ ਜਿਸ ਲਈ 15 ਲੱਖ ਤੋਂ ਵੱਧ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲੇ ਲਈ ਪਹਿਲੀ ਸਤੰਬਰ ਤੋਂ ਸ਼ੁਰੂ ਹੋਈ ਜੇਈਈ ਮੇਨਜ਼ ਪ੍ਰੀਖਿਆ ਅੱਜ ਮੁਕੰਮਲ ਹੋਈ ਹੈ। ਕੋਵਿਡ- 19 ਕਾਰਨ ਇਹ ਪ੍ਰੀਖਿਆਵਾਂ ਦੋ ਵਾਰ ਮੁਲਤਵੀ ਹੋਣ ਮਗਰੋਂ ਹੁਣ ਸਤੰਬਰ ਵਿੱਚ ਲਈਆਂ ਜਾ ਰਹੀਆਂ ਹਨ। ਐੱਨਟੀਏ ਮੁਤਾਬਕ ਵਿਦਿਆਰਥੀਆਂ ’ਚ ਸਮਾਜਿਕ ਦੂਰੀ ਬਰਕਰਾਰ ਰੱਖਣ ਲਈ ਕੇਂਦਰਾਂ ਦੀ ਗਿਣਤੀ 2,546 ਤੋਂ ਵਧਾ ਕੇ 3,843 ਕਰ ਦਿੱਤੀ ਗਈ ਹੈ ਜਦਕਿ ਕਮਰਿਆਂ ’ਚ ਵਿਦਿਆਰਥੀਆਂ ਦੀ ਗਿਣਤੀ 24 ਤੋਂ ਘਟਾ ਕੇ 12 ਕਰ ਦਿੱਤੀ ਗਈ ਹੈ।
ਇਸ ਦੌਰਾਨ ਉੜੀਸਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਨ੍ਹਾਂ ਨੂੰ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਉਣਗੇ। ਕੋਲਕਾਤਾ ਵਿੱਚ ਮੈਟਰੋ ਰੇਲਵੇ ਵੱਲੋਂ ‘ਨੀਟ’ ਉਮੀਦਵਾਰਾਂ ਲਈ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ।
-ਪੀਟੀਆਈ