ਮੁੰਬਈ, 15 ਅਪਰੈਲ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਪੱਤਰ ਲਿਖ ਕੇ ਅਗਲੇ ਪੰਦਰਾਂ ਦਿਨਾਂ ਵਿੱਚ ਸੂਬੇ ’ਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਖ਼ਦਸ਼ਾ ਜਤਾਇਆ ਹੈ। ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਮੌਜੂਦਾ ਸਰਗਰਮ ਕੇਸਾਂ ਦੀ ਗਿਣਤੀ 5.64 ਲੱਖ ਹੈ, ਜਿਸ ਦੇ 30 ਅਪਰੈਲ ਤੱਕ 11.9 ਲੱਖ ਹੋਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ 1200 ਮੀਟਰਿਕ ਟਨ ਮੈਡੀਕਲ ਆਕਸੀਜ਼ਨ ਦੀ ਖਪਤ ਹੈ, ਜੋ ਅਪਰੈਲ ਅਖੀਰ ਤੱਕ 2000 ਮੀਟਰਿਕ ਟਨ ਪ੍ਰਤੀ ਦਿਨ ਹੋ ਸਕਦੀ ਹੈ। ਠਾਕਰੇ ਨੇ ਕਿਹਾ ਕਿ ਕੌਮੀ ਆਫ਼ਤ ਪ੍ਰਬੰਧਨ ਐਕਟ ਤਹਿਤ ਦੇਸ਼ ਦੇ ਪੂਰਬੀ ਤੇ ਦੱਖਣੀ ਹਿੱਸਿਆਂ ਵਿਚਲੇ ਸਟੀਲ ਪਲਾਂਟਾਂ ਤੋਂ ਆਕਸੀਜਨ ਨੂੰ ਹਵਾਈ ਰਸਤੇ ਮਹਾਰਾਸ਼ਟਰ ਲਿਆਉਣ ਦੀ ਪ੍ਰਵਾਨਗੀ ਦਿੱਤੀ ਜਾਵੇ। ਮੁੱਖ ਮੰਤਰੀ ਨੇ ਪੱਤਰ ਵਿੱਚ ਰੈਮਡੇਸਿਵਿਰ ਦੀ ਬਰਾਮਦ ’ਤੇ ਪਾਬੰਦੀ ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ। ਠਾਕਰੇ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਬੈਂਕਾਂ ਨੂੰ ਹਦਾਇਤ ਕਰੇ ਕਿ ਉਹ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਛੋਟੇ, ਦਰਮਿਆਨੇ ਤੇ ਹੋਰਨਾਂ ਕਾਰੋਬਾਰਾਂ ਲਈ ਲਏ ਕਰਜ਼ਿਆਂ ਦੀ ਅਦਾਇਗੀ ਲਈ ਕਿਸ਼ਤਾਂ ਨੂੰ ਮੁਲਤਵੀ ਕਰਨ। -ਪੀਟੀਆਈ