ਨਵੀਂ ਦਿੱਲੀ, 12 ਅਕਤੂਬਰ
ਦੇਸ਼ ਵਿੱਚ ਕਰੋਨਾ ਤੋਂ ਉਭਰਨ ਵਾਲੇ ਮਰੀਜ਼ਾਂ ਦੀ ਗਿਣਤੀ 61 ਲੱਖ ਤੋਂ ਪਾਰ ਹੋ ਗਈ ਹੈ ਅਤੇ ਲਗਾਤਾਰ ਚੌਥੇ ਦਿਨ ਦੇਸ਼ ’ਚ ਕਰੋਨਾ ਦੇ ਐਕਟਿਵ ਕੇਸਾਂ ਦਾ ਅੰਕੜਾ ਨੌਂ ਲੱਖ ਤੋਂ ਹੇਠਾਂ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਚੌਵੀ ਘੰਟਿਆਂ ਅੰਦਰ ਦੇਸ਼ ਭਰ ’ਚ 71,559 ਕਰੋਨਾ ਪੀੜਤਾਂ ਦੇ ਠੀਕ ਹੋਣ ਨਾਲ ਮਰੀਜ਼ਾਂ ਦੇ ਸਿਹਤਯਾਬ ਹੋਣ ਦਾ ਅੰਕੜਾ 61,49,535 ਹੋ ਗਿਆ ਹੈ। ਮੰਤਰਾਲੇ ਨੇ ਕਿਹਾ, ‘ਦੇਸ਼ ਵਿੱਚ ਕਰੋਨਾ ਦੇ ਐਕਟਿਵ ਕੇਸ ਲਗਾਤਾਰ ਘਟ ਰਹੇ ਹਨ ਹਨ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਨੌਂ ਲੱਖ ਤੋਂ ਹੇਠਾਂ ਰਹੀ ਹੈ।’ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਇਸ ਸਮੇਂ 8,61,853 ਐਕਟਿਵ ਕੇਸ ਹਨ ਤੇ ਇਹ ਅੰਕੜਾ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਦੇਸ਼ ਵਿੱਚ ਕਰੋਨਾ ਪੀੜਤਾਂ ਦੇ ਸਿਹਤਯਾਬ ਹੋਣ ਦੀ ਦਰ 86.36 ਫੀਸਦ ਹੈ। ਇਸੇ ਦੌਰਾਨ ਲੰਘੇ ਚੌਵੀ ਘੰਟਿਆਂ ਅੰਦਰ 66,732 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕਰੋਨਾ ਦੇ ਕੁੱਲ ਕੇਸ 71,20,538 ਹੋ ਗਏ ਹਨ ਜਦਕਿ 816 ਹੋਰ ਮੌਤਾਂ ਹੋਣ ਨਾਲ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1,09,150 ਹੋ ਗਈ ਹੈ। -ਪੀਟੀਆਈ
ਪੰਜਾਬ ’ਚ ਕਰੋਨਾ ਕਾਰਨ 27 ਮੌਤਾਂ
ਚੰਡੀਗੜ੍ਹ, (ਟ੍ਰਿਬਿਊਨ ਨਿਊਜ਼ ਸਰਵਿਸ)-ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਕਾਰਨ 27 ਹੋਰ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3860 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਪਿਛਲੇ ਇੱਕ ਦਿਨ ਦੌਰਾਨ 22362 ਨਮੂਨੇ ਲਏ ਗਏ ਤੇ ਇਨ੍ਹਾਂ ਵਿੱਚੋਂ 581 ਵਿਅਕਤੀਆਂ ਦੇ ਲਾਗ ਦਾ ਸ਼ਿਕਾਰ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਨਾਲ ਸੱਜਰੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਲਾਜ ਅਧੀਨ ਵਿਅਕਤੀਆਂ ਦੀ ਗਿਣਤੀ ਹੁਣ 8258 ਹੀ ਰਹਿ ਗਈ ਹੈ।