ਨਵੀਂ ਦਿੱਲੀ, 21 ਨਵੰਬਰ
ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੇ 10,488 ਨਵੇਂ ਕੇਸ ਆਉਣ ਨਾਲ ਪੀੜਤਾਂ ਦੀ ਗਿਣਤੀ 3,45,10,413 ਹੋ ਗਈ, ਜਦੋਂਕਿ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 1,22,714 ਹੈ। ਇਹ ਗਿਣਤੀ ਪਿਛਲੇ 532 ਦਿਨਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜੇ ਮੁਤਾਬਿਕ 313 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 4,65,662 ’ਤੇ ਪੁੱਜ ਗਈ ਹੈ।
ਜ਼ਿਕਰਯੋਗ ਹੈ ਕਿ ਕਰੋਨਾ ਦੇ ਰੋਜ਼ਾਨਾ ਆਉਣ ਵਾਲੇ ਮਾਮਲੇ 44ਵੇਂ ਦਿਨ 20,000 ਅਤੇ 147ਵੇਂ ਦਿਨ 50,000 ਤੋਂ ਘੱਟ ਰਹੇ ਹਨ। ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ ਦੌਰਾਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 2154 ਕੇਸ ਘੱਟ ਦਰਜ ਕੀਤੇ ਗਏ ਹਨ। ਫਿਲਹਾਲ ਇਹ ਕੁੱਲ ਮਾਮਲਿਆਂ ਦਾ 0.36 ਫੀਸਦ ਹਿੱਸਾ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ। ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 98.30 ਹੈ, ਜੋ ਮਾਰਚ 2020 ਦੇ ਮੁਕਾਬਲੇ ਵੱਧ ਹੈ। ਮੰਤਰਾਲੇ ਨੇ ਦੱਸਿਆ ਕਿ ਪਾਜ਼ੇਟੀਵਿਟੀ ਦਰ 0.98 ਫੀਸਦ ਦਰਜ ਕੀਤੀ ਗਈ ਹੈ, ਜੋ ਬੀਤੇ 48 ਦਿਨਾਂ ਵਿੱਚ ਦੋ ਫੀਸਦ ਘੱਟ ਹੈ। ਇਸ ਤੋਂ ਇਲਾਵਾ ਹਫਤਾਵਰੀ ਦਰ 0.94 ਫੀਸਦ ਹੈ। -ਪੀਟੀਆਈ
ਪੰਜਾਬ ’ਚ ਕਰੋਨਾ ਦੇ 27 ਨਵੇਂ ਕੇਸ
ਚੰਡੀਗੜ੍ਹ (ਟਨਸ): ਕਰੋਨਾਵਾਇਰਸ ਕਾਰਨ ਪੰਜਾਬ ’ਚ 24 ਘੰਟਿਆਂ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ’ਚ ਕਰੋਨਾ ਦੇ 27 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 35 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 279 ਐਕਟਿਵ ਕੇਸ ਹਨ। ਸੂਬੇ ’ਚ ਹੁਣ ਤੱਕ ਕਰੋਨਾ ਮ੍ਰਿਤਕਾਂ ਦਾ ਅੰਕੜਾ 16584 ’ਤੇ ਪਹੁੰਚ ਚੁੱਕਾ ਹੈ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਦੇ 16 ਨਵੇਂ ਕੇਸ ਸਾਹਮਣੇ ਆਏ ਹਨ ਅਤੇ 8 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਹਰਿਆਣਾ ’ਚ 117 ਐਕਟਿਵ ਕੇਸ ਹਨ।