ਰਾਜੌਰੀ/ਜੰਮੂ, 6 ਅਗਸਤ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਵਿਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ ਅੱਜ ਦੂਜੇ ਦਿਨ ਵੀ ਜਾਰੀ ਹੈ। ਪੁਲੀਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਲਈ ਮੁਕਾਬਲੇ ਵਾਲੀ ਥਾਂ ਤੋਂ ਦੋ ਕਿਲੋਮੀਟਰ ਦੀ ਦੂਰੀ ਬਣਾ ਕੇ ਰੱਖਣ। ਜੰਮੂ ਅਧਾਰਿਤ ਫੌਜ ਦੇ ਪੀਆਰਓ ਲੈਫਟੀਨੈਂਟ ਕਰਨਲ ਸੁਨੀਲ ਬਰਤਵਾਲ ਨੇ ਕਿਹਾ ਕਿ ਤਿੰਨ ਦਹਿਸ਼ਤਗਰਦਾਂ ਨੂੰ ਪਿੰਡ ਵਿੱਚ ਘੇਰਾ ਪਾਇਆ ਹੋਇਆ ਹੈ। ਦਹਿਸ਼ਤਗਰਦਾਂ ਵੱਲੋਂ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਰਕੇ ਸਾਰੀ ਰਾਤ ਰੁਕ ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਸ਼ਨਿੱਚਰਵਾਰ ਨੂੰ ਬਡਹਾਲ ਖੇਤਰ ਦੇ ਗੁੰਧਾ-ਖਵਾਸ ਪਿੰਡ ਵਿੱਚ ਪੁਲੀਸ ਤੇ ਫੌਜ ਵੱਲੋਂ ਸਾਂਝੇ ਰੂਪ ਵਿੱਚ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਸ਼ੁਰੂ ਹੋਈ ਦੁਵੱਲੀ ਗੋਲੀਬਾਰੀ ਵਿਚ ਅਣਪਛਾਤਾ ਦਹਿਸ਼ਤਗਰਦ ਮਾਰਿਆ ਗਿਆ ਸੀ ਤੇ ਇਸ ਅਤਿਵਾਦੀ ਦੇ ਪਾਕਿਸਤਾਨ ਨਾਲ ਸਬੰਧਤ ਹੋਣ ਦੀ ਸੰਭਾਵਨਾ ਹੈ। ਆਖਰੀ ਖ਼ਬਰਾਂ ਮਿਲਣ ਤੱਕ ਗੋਲੀਬਾਰੀ ਜਾਰੀ ਸੀ।
ਉਨ੍ਹਾਂ ਦੱਸਿਆ ਕਿ ਵਧੇਰੇ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਕੇ ਅਤਿਵਾਦੀਆਂ ਦੇ ਬਚ ਕੇ ਨਿਕਲਣ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਅਨੁਸਾਰ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਦੀ ਇੱਕ ਛੋਟੀ ਟੀਮ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਬਾਅਦ ਵੀ ਸੈਨਾ ਤੇ ਸੀਆਰਪੀਐੱਫ ਦੇ ਜਵਾਨ ਵੀ ਇਸ ਵਿੱਚ ਸ਼ਾਮਲ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਇਲਾਕੇ ’ਚ ਦੋ ਜਾਂ ਤਿੰਨ ਅਤਿਵਾਦੀਆਂ ਦੇ ਹੋਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਈਫਲਜ਼ ਦੀ ਵਧੇਰੇ ਫੋਰਸ ਨੂੰ ਇਲਾਕੇ ’ਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਵਿਸ਼ੇਸ਼ ਦਸਤੇ ਲਿਆਂਦੇ ਗਏ ਹਨ ਅਤੇ ਮਨੁੱਖ ਰਹਿਤ ਜਹਾਜ਼ਾਂ ਤੇ ਖੋਜੀ ਕੁੱਤਿਆਂ ਨੂੰ ਵੀ ਮੁਹਿੰਮ ’ਚ ਸ਼ਾਮਲ ਕੀਤਾ ਗਿਆ ਹੈ। ਇਸੇ ਦੌਰਾਨ ਪੁਲੀਸ ਨੇ ਲੋਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਮੁਕਾਬਲੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ