ਨਵੀਂ ਦਿੱਲੀ: ਐੱਨਸੀਪੀ ’ਚ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਵੱਲੋਂ ਕੀਤੀ ਗਈ ਬਗ਼ਾਵਤ ਲਈ ਵਿਰੋਧੀ ਧਿਰ ਨੇ ਭਾਜਪਾ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਸ਼ਿਵ ਸੈਨਾ (ਯੂਬੀਟੀ), ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਨੇ ਮਹਾਰਾਸ਼ਟਰ ’ਚ ਐੱਨਸੀਪੀ ’ਚ ਫੁੱਟ ਲਈ ਭਾਜਪਾ ਦੀ ਸੌੜੀ ਸਿਆਸਤ ਦੀ ਨਿਖੇਧੀ ਕੀਤੀ ਹੈ। ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਨੇ ਕਿਹਾ ਕਿ ਅਜੀਤ ਪਵਾਰ ਨੂੰ ਮਹਾਰਾਸ਼ਟਰ ਸਰਕਾਰ ’ਚ ਉਪ ਮੁੱਖ ਮੰਤਰੀ ਵਜੋਂ ਸ਼ਾਮਲ ਕਰਨ ਨਾਲ ਏਕਨਾਥ ਸ਼ਿੰਦੇ ਦਾ ਮੁੱਖ ਮੰਤਰੀ ਅਹੁਦਾ ਖੁੱਸਣ ਦਾ ਅਮਲ ਵੀ ਸ਼ੁਰੂ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ’ਚ ਛੇਤੀ ਹੀ ਨਵਾਂ ਮੁੱਖ ਮੰਤਰੀ ਵੀ ਬਣੇਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਸ਼ਿੰਦੇ ਧੜੇ ਦੇ ਵਿਧਾਇਕਾਂ ਨੂੰ ਅਯੋਗ ਠਹਿਰਾ ਦਿੱਤਾ ਜਾਵੇਗਾ ਅਤੇ ਸੱਤਾ ’ਚ ਬਣੇ ਰਹਿਣ ਲਈ ਭਾਜਪਾ ਨੇ ਅਜੀਤ ਪਵਾਰ ਅਤੇ ਐੱਨਸੀਪੀ ਦੇ ਹੋਰ ਵਿਧਾਇਕਾਂ ਨੂੰ ਸਰਕਾਰ ’ਚ ਸ਼ਾਮਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਭੂਚਾਲ ਨਹੀਂ ਹੈ। ‘ਇਸ ਘਟਨਾਕ੍ਰਮ ਨੂੰ ਤੀਹਰੇ ਇੰਜਣ ਦੀ ਸਰਕਾਰ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਦੋ ਇੰਜਣਾਂ ’ਚੋਂ ਇਕ ਫੇਲ੍ਹ ਹੋਣ ਵਾਲਾ ਹੈ।’ ਰਾਊਤ ਨੇ ਕਿਹਾ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ ਬਗ਼ਾਵਤ ਦੀ ਪੂਰੀ ਜਾਣਕਾਰੀ ਸੀ।
ਉਧਰ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ‘ਵਿਧਾਇਕਾਂ ਨੂੰ ਖ਼ਰੀਦਣ ਦੀ ਦੌੜ’ ਵਿੱਚ ਲੱਗੀ ਹੋਈ ਹੈ। ਮਹਿਬੂਬਾ ਨੇ ਟਵੀਟ ਕੀਤਾ, ‘‘ਭਾਜਪਾ ਨੇ ਜਿਵੇਂ ਮਹਾਰਾਸ਼ਟਰ ਵਿੱਚ ਵਾਰ-ਵਾਰ ਲੋਕਾਂ ਦੇ ਫ਼ਤਵੇ ਨੂੰ ਖੋਖਲਾ ਕੀਤਾ ਹੈ ਉਸ ਦੀ ਨਿਖੇਧੀ ਲਈ ਸ਼ਬਦ ਕਾਫੀ ਨਹੀਂ ਹਨ। ਇਹ ਸਿਰਫ ਜਮਹੂਰੀਅਤ ਦਾ ਹੀ ਕਤਲ ਨਹੀਂ ਹੈ ਸਗੋਂ ਉਹ ਆਪਣੀਆਂ ਅਜਿਹੀਆਂ ‘ਸ਼ਰਮਨਾਕ’ ਕਾਰਵਾਈਆਂ ਨੂੰ ਲੁਕਾਉਣ ਲਈ ਦੇਸ਼ਭਗਤੀ ਦਾ ਸਹਾਰਾ ਲੈ ਰਹੀ ਹੈ।’’ ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਿਆਸੀ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਜਦਕਿ ਉਹ ਖ਼ੁਦ ਵਿਧਾਇਕਾਂ ਨੂੰ ਖ਼ਰੀਦਣ ਦੀ ਦੌੜ ’ਚ ਲੱਗੇ ਹੋਏ ਹਨ। ਲੋਕਾਂ ਦੇ ਮੁਸ਼ੱਕਤ ਨਾਲ ਕਮਾਏ ਹੋਏ ਪੈਸਿਆਂ ਦੀ ਭਾਜਪਾ ਦੀ ਸੱਤਾ ਦੀ ਭੁੱਖ ਮਿਟਾਉਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ‘ਆਪ’ ਨੇ ਮਹਾਰਾਸ਼ਟਰ ਦੇ ਘਟਨਾਕ੍ਰਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਉਹ ‘ਭ੍ਰਿਸ਼ਟਾਚਾਰ ਦੇ ਸਭ ਤੋਂ ਵੱਡੇ ਸਰਪ੍ਰਸਤ’ ਹਨ।
‘ਆਪ’ ਦੇ ਕੌਮੀ ਤਰਜਮਾਨ ਸੰਜੈ ਸਿੰਘ ਨੇ ਟਵਿੱਟਰ ’ਤੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਦੀ ਪ੍ਰਧਾਨ ਮੰਤਰੀ ਵੱਲੋਂ ਗਾਰੰਟੀ ਦਿੱਤੇ ਜਾਣ ਦੇ ਦੋ ਦਿਨਾਂ ਬਾਅਦ ਹੀ ਅਜੀਤ ਪਵਾਰ ਨੂੰ ਸ਼ਿਵ ਸੈਨਾ-ਭਾਜਪਾ ਗੱਠਜੋੜ ਸਰਕਾਰ ’ਚ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ।
ਟੀਐੱਮਸੀ ਆਗੂ ਬਾਬੁਲ ਸੁਪ੍ਰਿਓ ਨੇ ਕਿਹਾ ਕਿ ਈਡੀ ਦੇ ਰਡਾਰ ’ਤੇ ਰੱਖੇ ਗਏ ਆਗੂ ਹੁਣ ਭਾਜਪਾ ਵੱਲੋਂ ਬਣਾਈ ਗਈ ‘ਵਾਸ਼ਿੰਗ ਮਸ਼ੀਨ’ ’ਚ ਧੁੱਲ ਕੇ ਸਾਫ਼ ਹੋ ਗਏ ਹਨ। -ਪੀਟੀਆਈ
‘ਭਾਜਪਾ ਦੀ ਵਾਸ਼ਿੰਗ ਮਸ਼ੀਨ ਮੁੜ ਹਰਕਤ ’ਚ ਆਈ’
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਦੀ ‘ਵਾਸ਼ਿੰਗ ਮਸ਼ੀਨ’ ਮੁੜ ਹਰਕਤ ’ਚ ਆ ਗਈ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ’ਚ ਸ਼ਾਮਲ ਹੋਏ ਨਵੇਂ ਆਗੂਆਂ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਪਰ ਹੁਣ ਉਨ੍ਹਾਂ ਸਾਰਿਆਂ ਨੂੰ ਕਲੀਨ ਚਿੱਟ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮਹਾਰਾਸ਼ਟਰ ਨੂੰ ਭਾਜਪਾ ਦੇ ਕਲਾਵੇ ’ਚੋਂ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰੇਗੀ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਭਾਜਪਾ ’ਤੇ ਸੱਤਾ ਦੀ ਭੁੱਖ ਵਾਲੀ ਸਿਆਸਤ ਕਰਨ ਦੇ ਦੋਸ਼ ਲਾਏ ਹਨ। ਇਕ ਹੋਰ ਪਾਰਟੀ ਆਗੂ ਪ੍ਰਿਥਵੀਰਾਜ ਚੌਹਾਨ ਨੇ ਕਿਹਾ ਕਿ ਮਹਾਰਾਸ਼ਟਰ ਦੇ ਸਪੀਕਰ, ਸ਼ਿੰਦੇ ਅਤੇ 15 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ 11 ਅਗਸਤ ਤੱਕ ਫ਼ੈਸਲਾ ਲੈਣ, ਨਹੀਂ ਤਾਂ ਕਾਂਗਰਸ ਸੁਪਰੀਮ ਕੋਰਟ ਦਾ ਰੁਖ ਕਰੇਗੀ। ਕਾਂਗਰਸ ਵਿਧਾਇਕ ਦਲ ਦੇ ਆਗੂ ਬਾਲਾਸਾਹੇਬ ਥੋਰਾਟ ਨੇ ਕਿਹਾ ਕਿ ਲੋਕ ਸਾਰੀ ਸਿਆਸਤ ਦੇਖ ਰਹੇ ਹਨ ਅਤੇ ਉਹ ਚੋਣਾਂ ’ਚ ਭਾਜਪਾ ਨੂੰ ਸਬਕ ਸਿਖਾਉਣਗੇ।