ਨਵੀਂ ਦਿੱਲੀ: ਸਪਾਈਸਜੈੱਟ ਦੇ ਹੈਦਰਾਬਾਦ ਤੋਂ ਦਿੱਲੀ ਆਏ ਜਹਾਜ਼ ’ਚੋਂ ਉਤਰੇ ਕਈ ਮੁਸਾਫ਼ਰਾਂ ਨੂੰ ਸ਼ਨਿਚਰਵਾਰ ਰਾਤ ਖੱਜਲ ਹੋਣਾ ਪਿਆ। ਜਦੋਂ ਜਹਾਜ਼ ਉਤਰਿਆ ਤਾਂ ਉਨ੍ਹਾਂ ਨੂੰ ਹਵਾਈ ਅੱਡੇ ਦੀ ਸੜਕ ’ਤੇ ਪੈਦਲ ਚੱਲਣਾ ਪਿਆ ਕਿਉਂਕਿ ਏਅਰਲਾਈਨ ਉਨ੍ਹਾਂ ਨੂੰ ਟਰਮੀਨਲ ਤੱਕ ਲਿਜਾਣ ਲਈ ਕਰੀਬ ਪੌਣੇ ਘੰਟੇ ਤੱਕ ਕੋਈ ਬੱਸ ਮੁਹੱਈਆ ਨਹੀਂ ਕਰਵਾ ਸਕੀ ਸੀ। ਸੂਤਰਾਂ ਨੇ ਕਿਹਾ ਕਿ ਡੀਜੀਸੀਏ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਂਜ ਸਪਾਈਸਜੈੱਟ ਨੇ ਕਿਹਾ ਕਿ ਬੱਸਾਂ ਆਉਣ ’ਚ ਥੋੜ੍ਹੀ ਦੇਰੀ ਹੋਈ ਸੀ ਪਰ ਉਨ੍ਹਾਂ ਦੇ ਆਉਣ ਮਗਰੋਂ ਸਾਰੇ ਮੁਸਾਫ਼ਰਾਂ ਨੂੰ ਟਰਮੀਨਲ ਭਵਨ ਤੱਕ ਲਿਜਾਇਆ ਗਿਆ। ਉਨ੍ਹਾਂ ਕਿਹਾ,‘‘ਸਾਡੇ ਮੁਲਾਜ਼ਮਾਂ ਵੱਲੋਂ ਵਾਰ ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਕੁਝ ਮੁਸਾਫ਼ਰ ਟਰਮੀਨਲ ਵੱਲ ਚੱਲਣ ਲੱਗ ਪਏ। ਉਹ ਕੁਝ ਮੀਟਰ ਹੀ ਗਏ ਹੋਣਗੇ ਤਾਂ ਬੱਸਾਂ ਆ ਗਈਆਂ ਸਨ। ਉਨ੍ਹਾਂ ਸਮੇਤ ਹੋਰ ਮੁਸਾਫ਼ਰਾਂ ਨੂੰ ਬੱਸਾਂ ਰਾਹੀਂ ਟਰਮੀਨਲ ਇਮਾਰਤ ਤੱਕ ਪਹੁੰਚਾਇਆ ਗਿਆ।’’ ਮੁਸਾਫ਼ਰਾਂ ਨੂੰ ਦਿੱਲੀ ਹਵਾਈ ਅੱਡੇ ਦੇ ਰਨਵੇਅ ਇਲਾਕੇ ਦੀ ਸੜਕ ’ਤੇ ਚੱਲਣ ਦੀ ਇਜਾਜ਼ਤ ਨਹੀਂ ਹੁੰਦੀ ਹੈ ਕਿਉਂਕਿ ਇਸ ਨਾਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਸਪਾਈਸਜੈੱਟ ਪਹਿਲਾਂ ਹੀ ਡੀਜੀਸੀਏ ਦੇ ਹੁਕਮਾਂ ਮੁਤਾਬਕ ਆਪਣੇ 50 ਫ਼ੀਸਦੀ ਤੋਂ ਵੱਧ ਜਹਾਜ਼ ਨਹੀਂ ਉਡਾ ਰਿਹਾ। -ਪੀਟੀਆਈ