ਲਖਨਊ, 14 ਸਤੰਬਰ
ਪੁਲੀਸ ਨੇ ਅੱਜ ਸਮਾਜਵਾਦੀ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਕੰਪਲੈਕਸ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਸੂਬੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਖ਼ਿਲਾਫ਼ ਕੀਤਾ ਜਾਣ ਵਾਲਾ ਪ੍ਰਦਰਸ਼ਨ ਨਹੀਂ ਹੋਣ ਦਿੱਤਾ। ਇਸ ਦੌਰਾਨ ਪੁਲੀਸ ਨੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ।
ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਹਾਲਾਂਕਿ ਇਸ ਪ੍ਰਦਰਸ਼ਨ ਦੇ ਪ੍ਰੋਗਰਾਮ ਦੀ ਯੋਜਨਾ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਅਗਵਾਈ ਹੇਠ ਬਣਾਈ ਗਈ ਸੀ ਪਰ ਅਖਿਲੇਸ਼ ਨੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋਣਾ ਸੀ। ਇਹ ਪ੍ਰਦਰਸ਼ਨ ਸਵੇਰੇ 11 ਵਜੇ ਵਿਧਾਨ ਸਭਾ ਕੰਪਲੈਕਸ ’ਚ ਲੱਗੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਬੁੱਤ ਸਾਹਮਣੇ ਹੋਣਾ ਸੀ। ਹਿਰਾਸਤ ਵਿੱਚ ਲਏ ਗਏ ਸਮਾਜਵਾਦੀ ਪਾਰਟੀ ਦੇ ਆਗੂਆਂ ਨੂੰ ਪੁਲੀਸ ਬੱਸਾਂ ਵਿੱਚ ਭਰ ਕੇ ਈਕੋ ਗਾਰਡਨ ’ਚ ਪ੍ਰਦਰਸ਼ਨਾਂ ਲਈ ਰਾਖਵੀਂ ਥਾਂ ’ਤੇ ਲੈ ਗਈ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਜਿਸ ਕਾਰਨ ਕਈਆਂ ਨੂੰ ਸੱਟਾਂ ਲੱਗੀਆਂ ਹਨ, ਜਦਕਿ ਪੁਲੀਸ ਨੇ ਦੋਸ਼ਾਂ ਨੂੰ ਨਕਾਰਿਆ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨ ਤੋਂ ਕਈ ਘੰਟੇ ਪਹਿਲਾਂ ਲਖਨਊ ਵਿੱਚ ਪਾਰਟੀ ਦੇ ਦਫ਼ਤਰ ਦੇ ਬਾਹਰ ਅਤੇ ਆਗੂਆਂ ਦੇ ਘਰਾਂ ਦੇ ਬਾਹਰ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ।
ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਜਦੋਂ ਵਿਧਾਨ ਸਭਾ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ ਜਿਸ ਕਾਰਨ ਕਾਫੀ ਹੰਗਾਮਾ ਹੋਇਆ। ਪਾਰਟੀ ਆਗੂਆਂ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਬੈਨਰ ਫੜੇ ਹੋਏ ਸਨ। ਉਨ੍ਹਾਂ ਦੀ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਵੀ ਹੋਈ। ਉਧਰ, ਸਮਾਜਵਾਦੀ ਪਾਰਟੀ ਦੇ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਪੁਲੀਸ ਦੇ ਜੁਆਇੰਟ ਕਮਿਸ਼ਨਰ ਪਿਯੂਸ਼ ਮੋਰਦੀਆ ਨੇ ਕਿਹਾ, ‘‘ਵਿਧਾਨ ਸਭਾ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ।’’ -ਪੀਟੀਆਈ