ਨਵੀਂ ਦਿੱਲੀ/ਭੁਪਾਲ, 28 ਸਤੰਬਰ
ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ’ਤੇ ਰਾਜਸਥਾਨ ਦੇ ਸਿਆਸੀ ਸੰਕਟ ਦੇ ਪਰਛਾਵੇਂ ਵਿਚਾਲੇ ਅੱਜ ਸੀਨੀਅਰ ਪਾਰਟੀ ਆਗੂ ਏ.ਕੇ. ਐਂਟਨੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ। ਪਾਰਟੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਪਾਰਟੀ ਪ੍ਰਧਾਨ ਦੀ ਚੋਣ ਲੜ ਸਕਦੇ ਹਨ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਹਮਾਇਤੀਆਂ ਨੇ ਉਨ੍ਹਾਂ (ਗਹਿਲੋਤ) ਦੀ ਥਾਂ ਕਿਸੇ ਹੋਰ ਨੂੰ ਮੁੱਖ ਮੰਤਰੀ ਲਾਉਣ ਖ਼ਿਲਾਫ਼ ਖੁੱਲ੍ਹੀ ਬਗਾਵਤ ਕੀਤੀ ਹੋਈ ਹੈ। ਇਸ ਤੋਂ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਗਹਿਲੋਤ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪਾਰਟੀ ਲੀਡਰਸ਼ਿਪ ਦਾ ਥਾਪੜਾ ਹੈ। ਹਾਲਾਂਕਿ ਗਹਿਲੋਤ ਦੇ ਵਫ਼ਾਦਾਰਾਂ ਦੀ ਬਗਾਵਤ ਤੋਂ ਬਾਅਦ ਹੁਣ ਉਨ੍ਹਾਂ ਦੇ ਚੋਣ ਲੜਨ ਦੀ ਸੰਭਾਵਨਾ ਮੱਧਮ ਪੈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸੰਭਾਵੀ ਉਮੀਦਵਾਰਾਂ ਦੇ ਨਾਂ ਉਤੇ ਚਰਚਾ ਕੀਤੀ ਹੈ। ਅਹੁਦੇ ਲਈ ਨਾਮਜ਼ਦਗੀਆਂ ਦੀ ਆਖ਼ਰੀ ਤਰੀਕ 30 ਸਤੰਬਰ ਹੈ। ਸੂਤਰਾਂ ਨੇ ਕਿਹਾ ਹੈ ਕਿ ਦਿਗਵਿਜੈ ਸਿੰਘ ਦਿੱਲੀ ਪਹੁੰਚ ਸਕਦੇ ਹਨ ਤੇ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਦਿਗਵਿਜੈ ਦਾ ਨਿੱਜੀ ਫ਼ੈਸਲਾ ਹੈ ਤੇ ਉਨ੍ਹਾਂ ਇਸ ਬਾਰੇ ਪਾਰਟੀ ਲੀਡਰਸ਼ਿਪ ਨਾਲ ਕੋਈ ਚਰਚਾ ਨਹੀਂ ਕੀਤੀ। ਇਸੇ ਦੌਰਾਨ ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲ ਨਾਥ ਨੇ ਕਿਹਾ ਕਿ ਉਹ ਕਾਂਗਰਸ ਦੇ ਕੌਮੀ ਪ੍ਰਧਾਨ ਬਣਨ ਦੇ ਇੱਛੁਕ ਨਹੀਂ ਹਨ। ਉਹ ਆਪਣੇ ਸੂਬੇ ਉਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ ਜਿੱਥੇ ਅਗਲੇ ਸਾਲ ਚੋਣਾਂ ਹਨ। ਕੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਵੀ ਸੋਨੀਆ ਗਾਂਧੀ ਦੇ ਕਹਿਣ ’ਤੇ ਚੋਣ ਲੜ ਸਕਦੇ ਹਨ। ਸਾਬਕਾ ਕੇਂਦਰੀ ਮੰਤਰੀ ਤੇ ਨਹਿਰੂ-ਗਾਂਧੀ ਪਰਿਵਾਰ ਦੇ ਵਫ਼ਾਦਾਰ ਖੜਗੇ ਦਾ ਨਾਂ ਵੀ ਪ੍ਰਧਾਨ ਦੀ ਚੋਣ ਲਈ ਚਰਚਾ ਵਿਚ ਹੈ। ਖੜਗੇ ਸੋਨੀਆ ਗਾਂਧੀ ਨੂੰ ਦੱਸ ਚੁੱਕੇ ਹਨ ਕਿ ਪਾਰਟੀ (ਸੋਨੀਆ ਗਾਂਧੀ) ਜੋ ਵੀ ਫ਼ੈਸਲਾ ਲਏਗੀ, ਉਹ ਉਸ ਨੂੰ ਮੰਨਣਗੇ। ਇਕ ਕਾਂਗਰਸ ਆਗੂ ਨੇ ਕਿਹਾ ਕਿ ਖੜਗੇ ਦੇ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਚੰਗੇ ਸਬੰਧ ਹਨ ਜੋ ਉਨ੍ਹਾਂ ਲਈ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਹਿੰਦੀ ਭਾਸ਼ਾਈ ਖੇਤਰ ਵਿਚ ਵੀ ਉਨ੍ਹਾਂ ਨੂੰ ਲੋਕ ਪਸੰਦ ਕਰਦੇ ਹਨ। ਜ਼ਿਕਰਯੋਗ ਹੈ ਕਿ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਵੀ 30 ਸਤੰਬਰ ਨੂੰ ਪ੍ਰਧਾਨਗੀ ਲਈ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਉਨ੍ਹਾਂ ਅੱਜ ਉਰਦੂ ਦਾ ਇਕ ਸ਼ੇਅਰ ਟਵੀਟ ਕਰ ਕੇ ਆਪਣੇ ਲਈ ਸਮਰਥਨ ਜੁਟਾਉਣ ਦਾ ਯਤਨ ਵੀ ਕੀਤਾ। -ਪੀਟੀਆਈ
ਰਾਜਸਥਾਨ ਸੰਕਟ ਇਕ-ਦੋ ਦਿਨਾਂ ਵਿਚ ਹੱਲ ਹੋਵੇਗਾ: ਵੇਣੂਗੋਪਾਲ
ਮੱਲਾਪੁਰਮ: ਰਾਹੁਲ ਗਾਂਧੀ ਦੇ ਕਰੀਬੀ ਤੇ ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਅੱਜ ਕਿਹਾ ਕਿ ਰਾਜਸਥਾਨ ਦਾ ਸਿਆਸੀ ਸੰਕਟ ਇਕ-ਦੋ ਦਿਨਾਂ ਵਿਚ ਹੱਲ ਹੋ ਜਾਵੇਗਾ। ਨਵੇਂ ਮੁੱਖ ਮੰਤਰੀ ਬਾਰੇ ਪੁੱਛਣ ’ਤੇ ਵੇਣੂਗੋਪਾਲ ਨੇ ਕਿਹਾ ਕਿ ਰਾਜ ਵਿਚ ਕੋਈ ਡਰਾਮਾ ਨਹੀਂ ਹੋ ਰਿਹਾ ਤੇ ਇਕ-ਦੋ ਦਿਨਾਂ ਵਿਚ ਸਭ ਸਪੱਸ਼ਟ ਹੋ ਜਾਵੇਗਾ। ਸੀਨੀਅਰ ਆਗੂ ਨੇ ਕਿਹਾ, ‘ਮੀਡੀਆ ਨੂੰ ਸ਼ਾਇਦ ਇਹ ਡਰਾਮਾ ਲੱਗ ਰਿਹਾ ਹੋਵੇਗਾ ਪਰ ਘੱਟੋ-ਘੱਟ ਉਹ ਪਾਰਟੀ ਪ੍ਰਧਾਨ ਦੀ ਚੋਣ ਉਤੇ ਚਰਚਾ ਤਾਂ ਕਰ ਰਹੇ ਹਨ। ਦੇਸ਼ ਦੀ ਕਿਸੇ ਹੋਰ ਪਾਰਟੀ ਦੇ ਪ੍ਰਧਾਨ ਦੀ ਚੋਣ ਉਤੇ ਚਰਚਾ ਨਹੀਂ ਹੁੰਦੀ।’ ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਨੂੰ ਲੋਕਤੰਤਰਿਕ ਢੰਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ। -ਏਐੱਨਆਈ
ਕਾਂਗਰਸ ਸੰਸਦ ਮੈਂਬਰ ਨੇ ਪਾਰਟੀ ਪ੍ਰਧਾਨ ਲਈ ਪ੍ਰਿਯੰਕਾ ਦਾ ਨਾਂ ਉਭਾਰਿਆ
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਅਬਦੁਲ ਖ਼ਲੀਕ ਨੇ ਅੱਜ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਪ੍ਰਿਯੰਕਾ ਗਾਂਧੀ ਦਾ ਨਾਂ ਉਭਾਰਿਆ। ਉਨ੍ਹਾਂ ਤਰਕ ਦਿੱਤਾ ਕਿ ਪ੍ਰਿਯੰਕਾ ਹੁਣ ਵਾਡਰਾ ਪਰਿਵਾਰ ਦੀ ਨੂੰਹ ਹੈ, ਭਾਰਤੀ ਰਵਾਇਤਾਂ ਮੁਤਾਬਕ ਉਹ ਗਾਂਧੀ ਪਰਿਵਾਰ ਦਾ ਹਿੱਸਾ ਨਹੀਂ ਹੈ। ਇਸ ਲਈ ਪ੍ਰਿਯੰਕਾ ਨੂੰ ਅਹੁਦੇ ਉਤੇ ਹੋਣਾ ਚਾਹੀਦਾ ਹੈ। ਇਕ ਟਵੀਟ ਵਿਚ ਬਰਪੇਟਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਇਨਕਾਰੀ ਹਨ। ਅਜਿਹੇ ਵਿਚ ਪ੍ਰਿਯੰਕਾ ਗਾਂਧੀ ਦੇ ਨਾਂ ਉਤੇ ਵਿਚਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਪਾਰਟੀ ਦੀ ਕਮਾਨ ਨਹੀਂ ਸੰਭਾਲਣਾ ਚਾਹੁੰਦੇ, ਉਹ ਚਾਹੁੰਦੇ ਹਨ ਕਿ ਕੋਈ ਗੈਰ-ਗਾਂਧੀ ਪਾਰਟੀ ਪ੍ਰਧਾਨ ਬਣੇ। -ਪੀਟੀਆਈ