ਨਵੀਂ ਦਿੱਲੀ, 1 ਮਈ
ਦੇਸ਼ ਕੋਲੇ ਦੀ ਕਮੀ ਕਾਰਨ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ, ਉਥੇ ਹੀ ਗਰਮੀ ਕਾਰਨ ਬਿਜਲੀ ਮੰਗ ਵੱਧ ਗਈ। ਇਸ ਹਫਤੇ ਜਿੱਥੇ ਸੋਮਵਾਰ ਨੂੰ ਬਿਜਲੀ ਦੀ ਕਮੀ 5.24 ਗੀਗਾਵਾਟ ਸੀ, ਉੱਥੇ ਵੀਰਵਾਰ ਨੂੰ ਇਹ ਵਧ ਕੇ 10.77 ਗੀਗਾਵਾਟ ਹੋ ਗਈ। ਨੈਸ਼ਨਲ ਗਰਿੱਡ ਆਪਰੇਟਰ, ਪਾਵਰ ਸਿਸਟਮ ਆਪਰੇਸ਼ਨ ਕਾਰਪੋਰੇਸ਼ਨ (ਪੋਸੋਕੋ) ਦੇ ਤਾਜ਼ਾ ਅੰਕੜਿਆਂ ਮੁਤਾਬਕ ਐਤਵਾਰ ਨੂੰ ਪੀਕ ਆਵਰ ’ਚ ਬਿਜਲ ਦੀ ਘਾਟ ਸਿਰਫ 2.64 ਗੀਗਾਵਾਟ ਸੀ, ਜਦੋਂ ਕਿ ਸੋਮਵਾਰ ਨੂੰ 5.24 ਗੀਗਾਵਾਟ, ਮੰਗਲਵਾਰ ਨੂੰ 8.22 ਗੀਗਾਵਾਟ, ਬੁੱਧਵਾਰ ਅਤੇ ਵੀਰਵਾਰ ਨੂੰ ਕ੍ਰਮਵਾਰ 10.29 ਗੀਗਾਵਾਟ ਤੇ 10.77 ਗੀਗਾਵਾਟ ਹੋ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਤੋਂ ਸਾਫ ਪਤਾ ਲੱਗਦਾ ਹੈ ਕਿ ਬਿਜਲੀ ਦੀ ਮੰਗ ਵਧੀ ਹੈ ਅਤੇ ਇਸ ਕਾਰਨ ਕੁਝ ਹੀ ਦਿਨਾਂ ‘ਚ ਦੇਸ਼ ‘ਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਗਰਮੀਆਂ ਦੀ ਸ਼ੁਰੂਆਤ ਵਿੱਚ ਇਹ ਸਥਿਤੀ ਹੈ ਤਾਂ ਮਈ ਅਤੇ ਜੂਨ ਵਿੱਚ ਸਥਿਤੀ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਬਿਜਲੀ ਮੰਤਰਾਲੇ ਨੇ ਕਿਹਾ ਸੀ ਕਿ ਮਈ-ਜੂਨ 2022 ’ਚ ਬਿਜਲੀ ਦੀ ਮੰਗ 215-220 ਗੀਗਾਵਾਟ ਤੱਕ ਪੁੱਜ ਸਕਦੀ ਹੈ।