ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਇੰਸਦਾਨਾਂ ਅਤੇ ਸਾਇੰਸ ਵਿੱਚ ਰੁਚੀ ਰੱਖਣ ਵਾਲਿਆਂ ਨੂੰ ਕੌਮੀ ਵਿਗਿਆਨ ਦਿਵਸ ਦੀ ਵਧਾਈ ਦਿੰਦਿਆਂ ‘ਵਿਗਿਆਨ ਦੀ ਤਾਕਤ’ ਨੂੰ ਮਨੁੱਖਤਾ ਦੇ ਵਿਕਾਸ ਲਈ ਵਰਤਣ ਦਾ ਸੱਦਾ ਦਿੱਤਾ ਹੈ। ਕੌਮੀ ਵਿਗਿਆਨ ਦਿਵਸ ‘ਰਮਨ ਪ੍ਰਭਾਵ’ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਸ ਲਈ ਭਾਰਤੀ ਭੌਤਿਕ ਵਿਗਿਆਨੀ ਸੀ.ਵੀ. ਰਮਨ ਨੇ ਨੋਬੇਲ ਪੁਰਸਕਾਰ ਜਿੱਤਿਆ ਸੀ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਕੌਮੀ ਵਿਗਿਆਨ ਦਿਵਸ ਦੀ ਸਾਰੇ ਸਾਇੰਸਦਾਨਾਂ ਅਤੇ ਸਾਇੰਸ ਵਿੱਚ ਰੁਚੀ ਰੱਖਣ ਵਾਲਿਆਂ ਨੂੰ ਵਧਾਈ। ਆਓ ਅਸੀਂ ਆਪਣੀ ਸਾਂਝੀ ਵਿਗਿਆਨਕ ਜ਼ਿੰਮੇਵਾਰੀ ਨਿਭਾਈਏ ਅਤੇ ਵਿਗਿਆਨ ਦੀ ਤਾਕਤ ਨੂੰ ਮਨੁੱਖਤਾ ਦੇ ਵਿਕਾਸ ਲਈ ਵਰਤੀਏ।’’ ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਐਤਵਾਰ ਨੂੰ ਪ੍ਰਸਾਰਿਤ ਹੋਏ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਦੀ ਕਲਿੱਪ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕੌਮੀ ਵਿਗਿਆਨ ਦਿਵਸ ਬਾਰੇ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਅੰਦਰ ਵਿਗਿਆਨਕ ਨਜ਼ਰੀਆ ਪੈਦਾ ਕਰਨ ਦੀ ਅਪੀਲ ਵੀ ਕੀਤੀ। -ਪੀਟੀਆਈ