ਨਵੀਂ ਦਿੱਲੀ: ਕੇਂਦਰ ਨੇ ਅੱਜ ਸੂਬਿਆਂ ਨੂੰ ਕਿਹਾ ਹੈ ਕਿ ਪ੍ਰਸ਼ਾਸਨ ਇਹਤਿਆਤੀ ਡੋਜ਼ ਉਸੇ ਕਰੋਨਾ ਰੋਕੂ ਵੈਕਸੀਨ ਦੀ ਦੇਵੇਗਾ, ਜੋ ਉਸ ਨੇ ਪਹਿਲੀਆਂ ਦੋ ਖ਼ੁਰਾਕਾਂ ਵਿੱਚ ਦਿੱਤੀ ਸੀ। ਇਸ ਦੇ ਲਈ ਨਿੱਜੀ ਟੀਕਾਕਰਨ ਕੇਂਦਰ ਵੱਧ ਤੋਂ ਵੱਧ 150 ਰੁਪਏ ਦਾ ਸਰਵਿਸ ਚਾਰਜ ਲੈ ਸਕਦਾ ਹੈ। ਕੇਂਦਰ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਸਾਰੇ ਪ੍ਰਾਈਵੇਟ ਟੀਕਾਕਰਨ ਕੇਂਦਰਾਂ ’ਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਕਰੋਨਾ ਰੋਕੂ ਟੀਕਿਆਂ ਦੀ ਇਹਤਿਆਤੀ ਖ਼ੁਰਾਕ ਦਸ ਅਪਰੈਲ ਤੋਂ ਉਪਲੱਬਧ ਹੋਵੇਗੀ। 18 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕਾਂ ਨੂੰ ਕਰੋਨਾ ਰੋਕੂ ਟੀਕੇ ਦੀ ਦੂਜੀ ਡੋਜ਼ ਲਵਾਏ ਨੂੰ ਨੌਂ ਮਹੀਨੇ ਹੋ ਚੁੱਕੇ ਹਨ, ਉਹ ਇਹ ਡੋਜ਼ ਲਗਵਾਉਣ ਲਈ ਯੋਗ ਹੋਣਗੇ। ਕੇਂਦਰੀ ਸਿਹਤ ਸਕੱਤਰ ਨੇ ਅੱਜ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹਤਿਆਤੀ ਡੋਜ਼ ਲਈ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਕਿਉਂਕਿ ਸਾਰੇ ਲਾਭਪਾਤਰੀ ਪਹਿਲਾਂ ਹੀ ‘ਕੋਵਿਨ’ ਪਲੈਟਫਾਰਮ ’ਤੇ ਰਜਿਸਟਰਡ ਹਨ।
ਮੀਟਿੰਗ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਾਰੇ ਟੀਕਾਕਰਨ ‘ਕੋਵਿਨ’ ਪਲੈਟਫਾਰਮ ’ਤੇ ਲਾਜ਼ਮੀ ਦਰਜ ਕਰਵਾਏ ਜਾਣ ਅਤੇ ‘ਆਨਲਾਈਨ ਅਪਾਇੰਟਮੈਂਟ’ ਅਤੇ ‘ਵਾਕ-ਇਨ ਰਜਿਸਟ੍ਰੇਸ਼ਨ’, ਦੋਵੇਂ ਬਦਲ ਅਤੇ ਟੀਕਾਕਰਨ ਨਿੱਜੀ ਕੋਵਿਡ ਟੀਕਾਕਰਨ ਕੇਂਦਰ (ਸੀਵੀਸੀ) ’ਤੇ ਉਪਲੱਬਧ ਹੋਵੇਗਾ। -ਪੀਟੀਆਈ
ਸੀਰਮ ਤੇ ਭਾਰਤ ਬਾਇਓਟੈੱਕ ਨੇ ਇਹਤਿਆਤੀ ਡੋਜ਼ ਦੀਆਂ ਕੀਮਤਾਂ ਘਟਾਈਆਂ
ਨਵੀਂ ਦਿੱਲੀ: ਕਰੋਨਾ ਰੋਕੂ ਵੈਕਸੀਨ ਬਣਾਉਣ ਵਾਲੀਆਂ ਦੇਸ਼ ਦੀਆਂ ਦੋ ਵੱਡੀਆਂ ਕੰਪਨੀਆਂ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈ) ਅਤੇ ਭਾਰਤ ਬਾਇਓਟੈੱਕ ਨੇ ਅੱਜ ਕਿਹਾ ਕਿ ਸਰਕਾਰ ਨਾਲ ਗੱਲਬਾਤ ਮਗਰੋਂ ਉਨ੍ਹਾਂ ਨੇ ਆਪਣੀਆਂ ਕ੍ਰਮਵਾਰ ਕਰੋਨਾ ਰੋਕੂ ਵੈਕਸੀਨ ਦੀ ਇਹਤਿਆਤੀ ਖ਼ੁਰਾਕ ਦੀਆਂ ਕੀਮਤਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਪ੍ਰਾਈਵੇਟ ਹਸਪਤਾਲਾਂ ਲਈ 225 ਰੁਪਏ ਪ੍ਰਤੀ ਡੋਜ਼ ਕੀਮਤ ਤੈਅ ਕੀਤੀ ਹੈ। ਸੀਰਮ ਦੇ ਸੀਈਓ ਅਦਰ ਪੂਨਾਵਾਲਾ ਨੇ ਇੱਕ ਟਵੀਟ ਵਿੱਚ ਕਿਹਾ, ‘‘ਕੇਂਦਰ ਸਰਕਾਰ ਨਾਲ ਗੱਲਬਾਤ ਮਗਰੋਂ ਸੀਰਮ ਇੰਸਟੀਚਿਊਟ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਵੀਸ਼ੀਲਡ ਵੈਕਸੀਨ ਦੀ ਕੀਮਤ 600 ਰੁਪਏ ਤੋਂ ਘਟਾ ਕੇ 225 ਰੁਪਏ ਪ੍ਰਤੀ ਡੋਜ਼ ਕਰਨ ਦਾ ਫ਼ੈਸਲਾ ਕੀਤਾ ਹੈ।’’ ਭਾਰਤ ਬਾਇਓਟੈੱਕ ਨੇ ਕਿਹਾ ਕਿ ਉਸ ਨੇ ਨਿੱਜੀ ਹਸਪਤਾਲਾਂ ਲਈ ਆਪਣੀ ਕੋਵੈਕਸੀਨ ਦੀ ਕੀਮਤ 1200 ਤੋਂ 225 ਰੁਪਏ ਪ੍ਰਤੀ ਡੋਜ਼ ਕਰ ਦਿੱਤੀ ਹੈ। -ਪੀਟੀਆਈ