ਕੋਲਕਾਤਾ:
ਪੁਲੀਸ ਨੇ ਅੱਜ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੂੰ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਖੇਤਰ ਵਿੱਚ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਮੁਰਸ਼ਿਦਾਬਾਦ ਦੇ ਨਾਲ ਲੱਗਦੇ ਹਿੰਸਾ ਪ੍ਰਭਾਵਿਤ ਬੇਲਡਾਂਗਾ ਦੀ ਸਥਿਤੀ ਦਾ ਜਾਇਜ਼ਾ ਲੈਣ ਜਾ ਰਹੇ ਸਨ। ਇਸ ਦੇ ਰੋਸ ਵਜੋਂ ਭਾਜਪਾ ਵਰਕਰਾਂ ਵੱਲੋਂ ਵੱਖ-ਵੱਖ ਥਾਈਂ ਪ੍ਰਦਰਸ਼ਨ ਕੀਤੇ ਗਏ। ਹਾਲਾਂਕਿ ਬਾਅਦ ਵਿੱਚ ਮਜੂਮਦਾਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਕ੍ਰਿਸ਼ਨਾਨਗਰ ਪੁਲੀਸ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਮਜੂਮਦਾਰ ਨੂੰ ਬੀਐੱਨਐੱਸਐੱਸ ਦੀ ਧਾਰਾ 170 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਹ ਉਸ ਜਗ੍ਹਾ ਵੱਲ ਜਾ ਰਹੇ ਸਨ, ਜਿੱਥੇ ਮਨਾਹੀ ਦੇ ਹੁਕਮ ਲਾਗੂ ਹਨ।’ ਕੋਤਵਾਲੀ ਥਾਣੇ ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਮਜੂਮਦਾਰ ਨੇ ਕਿਹਾ, ‘ਮੈਂ ਸਥਿਤੀ ਦਾ ਜਾਇਜ਼ਾ ਲੈਣ ਲਈ ਬੇਲਡਾਂਗਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲੀਸ ਵੱਲੋਂ ਸਾਨੂੰ ਬੇਲਡਾਂਗਾ ਜਾਣ ਤੋਂ ਰੋਕਣ ਖ਼ਿਲਾਫ਼ ਸਾਡੀ ਪਾਰਟੀ ਦੇ ਵਰਕਰਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ਜਾਮ ਕਰ ਦਿੱਤੀਆਂ ਹਨ।’ -ਪੀਟੀਆਈ