ਨਵੀਂ ਦਿੱਲੀ, 15 ਮਈ
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਕਿਹਾ ਕਿ ਅਰਬ ਸਾਗਰ ਉੱਪਰ ਬਣਿਆ ਦਬਾਅ ਦਾ ਖੇਤਰ ਹੁਣ ਚੱਕਰਵਾਤੀ ਤੂਫ਼ਾਨ ‘ਤੌਕਤੇ’ ’ਚ ਤਬਦੀਲ ਹੋ ਗਿਆ ਹੈ ਅਤੇ ਇਸ ਦੇ 18 ਮਈ ਦੇ ਨੇੜੇ ਪੋਰਬੰਦਰ ਤੇ ਨਲੀਆ ਵਿਚਾਲੇ ਗੁਜਰਾਤ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਤੌਕਤੇ 16 ਤੋਂ 18 ਮਈ ਵਿਚਾਲੇ ਬਹੁਤ ਭਿਆਨਕ ਚੱਕਰਵਾਤੀ ਤੂਫ਼ਾਨ ਦਾ ਰੂਪ ਧਾਰੇਗਾ।
ਆਈਐੱਮਡੀ ਨੇ ਕਿਹਾ, ‘ਤੌਕਤੇ ਦੇ ਅਗਲੇ ਛੇ ਘੰਟਿਆਂ ਦੌਰਾਨ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋਣ ਦੀ ਕਾਫੀ ਸੰਭਾਵਨਾ ਹੈ ਅਤੇ ਫਿਰ ਅਗਲੇ 12 ਘੰਟਿਆਂ ਅੰਦਰ ਇਸ ਦੇ ਬਹੁਤ ਹੀ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋਣ ਦੀ ਸੰਭਾਵਨਾ ਹੈ। ਇਸ ਦੇ ਉੱਤਰ-ਪੱਛਮੀ ਦਿਸ਼ਾ ਵੱਲ ਵਧਣ ਅਤੇ 18 ਮਈ ਨੂੰ ਪੋਰਬੰਦਰ ਤੇ ਨਲੀਆ ਵਿਚਾਲੇ ਗੁਜਰਾਤ ਤੱਟ ਪਾਰ ਕਰਨ ਦੀ ਸੰਭਾਵਨਾ ਹੈ।’ ਕੇਂਦਰੀ ਤੇ ਸਾਹਿਲੀ ਰਾਜਾਂ ਦੀਆਂ ਸਰਕਾਰਾਂ ਚੱਕਰਵਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਕਰ ਰਹੀਆਂ ਹਨ।
ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਨੇ ਚੱਕਰਵਾਤ ਦੇ ਮੱਦੇਨਜ਼ਰ ਰਾਹਤ ਤੇ ਬਚਾਅ ਕਾਰਜਾਂ ਲਈ ਆਪਣੀਆਂ ਟੀਮਾਂ ਦੀ ਗਿਣਤੀ 53 ਤੋਂ ਵਧਾ ਕੇ 100 ਕਰ ਦਿੱਤੀ ਹੈ। ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਐੱਸਐੱਨ ਪ੍ਰਧਾਨ ਨੇ ਕਿਹਾ ਕਿ ਇਹ ਟੀਮਾਂ ਕੇਰਲਾ, ਕਰਨਾਟਕ, ਤਾਮਿਲ ਨਾਡੂ, ਗੋਆ, ਗੁਜਰਾਤ ਤੇ ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ’ਚ ਕੂਚ ਲਈ ਤਿਆਰ ਹਨ। ਕੇਂਦਰੀ ਜਲ ਕਮਿਸ਼ਨ ਨੇ ਵੀ ਚੱਕਰਵਾਤ ਨੂੰ ਲੈ ਕੇ ਕੇਰਲਾ ਦੇ ਮੱਧ ਤੇ ਉੱਤਰੀ ਹਿੱਸਿਆਂ, ਨੇੜਲੇ ਦੱਖਣੀ ਤੱਟ ਤੇ ਕਰਨਾਟਕ ਦੇ ਦੱਖਣੀ ਤੱਟਵਰਤੀ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਹੈ। ਗੋਆ ਸਰਕਾਰ ਨੇ ਵੀ ਚੱਕਰਵਾਤ ਦੇ ਮੱਦੇਨਜ਼ਰ ਜ਼ਰੂਰੀ ਕਦਮ ਚੁੱਕੇ ਹਨ। ਗੋਆ ਫਾਇਰ ਬ੍ਰਿਗੇਡ ਤੇ ਹੰਗਾਮੀ ਸੇਵਾਵਾਂ ਦੇ ਡਾਇਰੈਕਟਰ ਅਸ਼ੋਕ ਮੈਨਨ ਨੇ ਕਿਹਾ ਕਿ ਉਨ੍ਹਾਂ ਚੱਕਰਵਾਤ ਕਾਰਨ ਬਣਨ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਰਾਹਤ ਦਸਤੇ ਤਿਆਰ ਰੱਖੇ ਹਨ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਰਾਜ ’ਚ ਤੱਟੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ
ਮੋਦੀ ਵੱਲੋਂ ‘ਤੌਕਤੇ’ ਨਾਲ ਨਜਿੱਠਣ ਸਬੰਧੀ ਪ੍ਰਬੰਧਾਂ ਦੀ ਸਮੀਖਿਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫ਼ਾਨ ‘ਤੌਕਤੇ’ ਨਾਲ ਨਜਿੱਠਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਰਾਜਾਂ, ਕੇਂਦਰੀ ਮੰਤਰਾਲਿਆਂ ਤੇ ਏਜੰਸੀਆਂ ਨਾਲ ਮੀਟਿੰਗ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਅਤੇ ਬਿਜਲੀ, ਦੂਰਸੰਚਾਰ, ਸਿਹਤ ਤੇ ਪੀਣ ਵਾਲੇ ਪਾਣੀ ਵਰਗੀਆਂ ਜ਼ਰੂਰੀ ਸੇਵਾਵਾਂ ਦਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਚੱਕਰਵਾਤ ਕਾਰਨ ਜਿਨ੍ਹਾਂ ਥਾਵਾਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਉੱਥੋਂ ਦੇ ਹਸਪਤਾਲਾਂ ’ਚ ਕੋਵਿਡ-19 ਪ੍ਰਬੰਧਨ, ਟੀਕਾਕਰਨ, ਬਿਜਲੀ ਦੀ ਘਾਟ ਨਾ ਹੋਣ ਤੇ ਜ਼ਰੂਰੀ ਦਵਾਈਆਂ ਦਾ ਭੰਡਾਰਨ ਕਰਨ ਲਈ ਵਿਸ਼ੇਸ਼ ਤਿਆਰੀ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੀਟਿੰਗ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵੱਖ ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਜਾਮਨਗਰ ਤੋਂ ਹੋਣ ਵਾਲੀ ਆਕਸੀਜਨ ਸਪਲਾਈ ’ਤੇ ਇਸ ਦਾ ਘੱਟ ਤੋਂ ਘੱਟ ਅਸਰ ਪੈਣਾ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। -ਪੀਟੀਆਈ