ਅਕਬਰਪੁਰ (ਕਾਨਪੁਰ ਦੇਹਾਤ), 14 ਫਰਵਰੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਥੇ ਇੱਕ ਚੋਣ ਮੀਟਿੰਗ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਵਿੱਚ ਕਾਨਪੁਰ ਵਿੱਚ ਗੈਰ-ਕਾਨੂੰਨੀ ਦੇਸੀ ਪਿਸਤੌਲਾਂ (ਤਮੰਚੇ) ਬਣਦੇ ਸਨ ਪਰ ਭਾਜਪਾ ਦੇ ਸ਼ਾਸਨ ਕਾਲ ਵਿੱਚ ਰੱਖਿਆ ਕੌਰੀਡੋਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਂ ‘ਸਮਾਜਵਾਦੀ’ ਹੈ, ਕੰਮ ‘ਤਮੰਚਾਵਾਦੀ’ ਅਤੇ ਸੋਚ ‘ਪਰਿਵਾਰਵਾਦੀ’ ਹੈ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਭਾਈਵਾਲ ਅਪਨਾ ਦਲ (ਐੱਸ) ਦੇ ਮੌਰਾਨੀਪੁਰ ਤੋਂ ਉਮੀਦਵਾਰ ਦੇ ਪੱਖ ’ਚ ਇੱਕ ਚੋਣ ਰੈਲੀ ਮੌਕੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗੁੰਡਿਆਂ ਨੇ ਪੰਜ ਸਾਲਾਂ ’ਚ ਗਰੀਬਾਂ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਜਦਕਿ ਯੋਗੀ ਆਦਿਤਿਆਨਾਥ ਸਰਕਾਰ ਨੇ ਬੁਲਡੋਜ਼ਰਾਂ ਦੀ ਵਰਤੋਂ ਕੀਤੀ ਤੇ 2,000 ਕਰੋੜ ਰੁਪਏ ਦੀ ਮੁੱਲ ਦੀ ਜ਼ਮੀਨ ਕਬਜ਼ਾ ਮੁਕਤ ਕਰਵਾਈ।
ਇਸੇ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਸਮਾਜਵਾਦੀ ਪਾਪਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸਦਾ ਸਮਾਨਅਰਥ ‘ਭ੍ਰਿਸ਼ਟਾਚਾਰ, ਕਮਿਸ਼ਨ ਤੇ ਕ੍ਰਾਈਮ’ ਹੈ। ਉਹ ਇੱਥੇ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਕਸਤਾ, ਧੌਹਾਰਾ ਤੇ ਕੁਰਸੀ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਸਪਾ ਮੁਖੀ ਅਖਿਲੇਸ਼ ਯਾਦਵ ਇਨ੍ਹੀਂ ਦਿਨੀਂ ਕਿਸਾਨਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ ਪਰ ਸੱਤਾ ’ਚ ਹੁੰਦਿਆਂ ਉਨ੍ਹਾਂ ਇਨ੍ਹਾਂ ਲਈ ਕੁਝ ਨਹੀਂ ਕੀਤਾ ਸੀ। -ਪੀਟੀਆਈ