ਨਵੀਂ ਦਿੱਲੀ, 19 ਮਈ
ਰਸੋਈ ਗੈਸ (ਐਲਪੀਜੀ) ਦੀ ਕੀਮਤ ਅੱਜ ਸਾਢੇ ਤਿੰਨ ਰੁਪਏ ਪ੍ਰਤੀ ਸਿਲੰਡਰ ਵਧ ਗਈ। ਸਰਕਾਰੀ ਮਾਲਕੀ ਵਾਲੇ ਈਂਧਣ ਰਿਟੇਲਰਾਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਗ਼ੈਰ-ਸਬਸਿਡੀ ਵਾਲੇ 14.2 ਕਿਲੋ ਵਜ਼ਨ ਵਾਲੇ ਐੱਲਪੀਜੀ ਸਿਲੰਡਰ ਦੀ ਕੀਮਤ ਹੁਣ ਪ੍ਰਤੀ ਸਿਲੰਡਰ 1003 ਰੁਪਏ ਹੋਵੇਗੀ। ਕੌਮੀ ਰਾਜਧਾਨੀ ਵਿੱਚ ਪਹਿਲਾਂ ਐੱਲਪੀਜੀ ਸਿਲੰਡਰ ਦੀ ਕੀਮਤ 999.50 ਰੁਪਏ ਸੀ। ਰਸੋਈ ਗੈਸ ਕੀਮਤਾਂ ਵਿੱਚ ਇਸ ਮਹੀਨੇ ’ਚ ਇਹ ਦੂਜਾ ਅਤੇ ਪਿਛਲੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਤੀਜਾ ਵਾਧਾ ਹੈ। ਇਸ ਤੋਂ ਪਹਿਲਾਂ 22 ਮਾਰਚ ਨੂੰ ਪ੍ਰਤੀ ਸਿਲੰਡਰ 50 ਰੁਪਏ ਤੇ 7 ਮਈ ਨੂੰ ਮੁੜ ਇੰਨਾ ਵਾਧਾ ਕੀਤਾ ਗਿਆ ਸੀ। ਪਿਛਲੇ ਸਾਲ ਅਪਰੈਲ ਮਗਰੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱੱਚ 193.50 ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਉਧਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 43 ਦਿਨਾਂ ਤੋਂ ਸਥਿਰ ਹਨ।
ਖਪਤਕਾਰ ਬਿਨਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ, ਸਬਸਿਡੀ ਜਾਂ ਬਾਜ਼ਾਰੀ ਮੁੱਲ ਤੋਂ ਘੱਟ ਦਰ ਵਾਲੇ 12 ਸਿਲੰਡਰਾਂ ਦਾ ਕੋਟਾ ਖ਼ਤਮ ਹੋਣ ਮਗਰੋਂ ਖਰੀਦਦੇ ਹਨ। ਹਾਲਾਂਕਿ ਸਰਕਾਰ ਜ਼ਿਆਦਾਤਰ ਸ਼ਹਿਰਾਂ ਵਿੱਚ ਰਸੋਈ ਗੈਸ ਸਿਲੰਡਰ ’ਤੇ ਕੋਈ ਸਬਸਿਡੀ ਨਹੀਂ ਦੇ ਰਹੀ ਅਤੇ ਖਪਤਕਾਰ, ਜਿਨ੍ਹਾਂ ਵਿੱਚ ਉਜਵਲਾ ਸਕੀਮ ਤਹਿਤ ਮੁਫ਼ਤ ਕੁਨੈਕਸ਼ਨ ਹਾਸਲ ਕਰਨ ਵਾਲੀਆਂ ਮਹਿਲਾਵਾਂ ਵੀ ਸ਼ਾਮਲ ਹਨ, ਨੂੰ ਖਾਲੀ ਸਿਲੰਡਰ ਭਰਵਾਉਣ ਲਈ ਗੈਰ-ਸਬਸਿਡੀ ਜਾਂ ਬਾਜ਼ਾਰੀ ਮੁਲ ਜਿੰਨੀ ਕੀਮਤ ਤਾਰਨੀ ਪੈਂਦੀ ਹੈ। ਇਸ ਨਵੇਂ ਵਾਧੇ ਨਾਲ ਮੁੰਬਈ ਵਿੱਚ ਗੈਰ-ਸਬਸਿਡੀ ਵਾਲੇ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 1002.50 ਰੁਪਏ ਹੋ ਗਈ ਹੈ। -ਪੀਟੀਆਈ
ਮੋਦੀ ਸਰਕਾਰ ਦੀ ‘ਈਂਧਣ ਲੁੱਟ’ ਕਿਸ਼ਤਾਂ ’ਚ ਜਾਰੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਦੇ ਹਵਾਲੇ ਨਾਲ ਅੱਜ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਛੋਟੀ-ਵੱਡੀ ਕਿਸ਼ਤਾਂ ਰਾਹੀਂ ਹਰ ਰੋਜ਼ ‘ਈਂਧਣ ਦੀ ਲੁੱਟ’ ਕਰ ਰਹੀ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਿਛਲੇ 45 ਦਿਨਾਂ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦਾ ਵਾਧਾ ਕਰਨ ਮਗਰੋਂ ਹੁਣ ਫਿਰ ਸਾਢੇ ਤਿੰਨ ਰੁਪਏ ਦਾ ਇਜ਼ਾਫਾ ਕੀਤਾ ਗਿਆ ਹੈ। ਸੁਰਜੇਵਾਲਾ ਨੇ ਹਿੰਦੀ ਵਿਚ ਕੀਤੇ ਟਵੀਟ ਵਿੱਚ ਕਿਹਾ ਕਿ ਪਿਛਲੇ 60 ਦਿਨਾਂ ਵਿੱਚ ਕਮਰਸ਼ਲ ਸਿਲੰਡਰ ਦੀ ਕੀਮਤ ਵਿੱਚ 457.5 ਰੁਪਏ ਦਾ ਵਾਧਾ ਕਰਨ ਮਗਰੋਂ ਹੁਣ ਫਿਰ ਅੱਠ ਰੁਪਏ ਵਧਾ ਦਿੱਤੇ ਗਏ ਹਨ। ਤਰਜਮਾਨ ਨੇ ਕਿਹਾ, ‘‘ਦੋ ਕਰੋੜ ਦੇ ਕਰੀਬ ਪਰਿਵਾਰਾਂ ਲਈ ਦੂਜੀ ਵਾਰ ਸਿਲੰਡਰ ਭਰਵਾਉਣਾ ਨਾਮੁਮਕਿਨ ਕਰਕੇ ਵੀ ਮੋਦੀ ਸਰਕਾਰ ਦੀ ‘ਈਂਧਣ ਲੁੱਟ’ ਹਰ ਰੋਜ਼ ਛੋਟੀ-ਵੱਡੀ ਕਿਸ਼ਤਾਂ ਵਿੱਚ ਜਾਰੀ ਹੈ।’’ ਕਾਂਗਰਸ ਆਗੂ ਨੇ ਡਾਲਰ ਦੇ ਮੁਕਾਬਲੇ ਰੁਪਿਆ ਡਿੱਗਣ ਲਈ ਵੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। -ਪੀਟੀਆਈ