ਨਵੀਂ ਦਿੱਲੀ, 7 ਮਈ
ਕਾਂਗਰਸ ਨੇ ਅੱਜ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਨੂੰ ਸਾਲ 2014 ਦੇ ਪੱਧਰ ‘ਤੇ ਲਿਆਉਣਾ ਚਾਹੀਦਾ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦੇ ਵਾਧੇ ਦੀਆਂ ਖ਼ਬਰਾਂ ਤੋਂ ਬਾਅਦ ਇਹ ਵੀ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿੱਚ ਸਬਸਿਡੀ ਵਾਲੀ ਰਸੋਈ ਗੈਸ ਦੀਆਂ ਕੀਮਤਾਂ ਵਿੱਚ 585 ਰੁਪਏ ਦਾ ਵਾਧਾ ਕੀਤਾ ਹੈ ਅਤੇ ਸਬਸਿਡੀ ਵੀ ਖ਼ਤਮ ਕਰ ਦਿੱਤੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘ਭਾਜਪਾ ਮਾਲਾ-ਮਾਲ ਹੈ, ਲੋਕ ਬੇਵੱਸ ਹਨ। ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਭਾਜਪਾ ਦੇ ਸ਼ਾਸਨ ‘ਚ ਢਾਈ ਗੁਣਾ ਵਧ ਗਈ ਹੈ। ਐੱਲਪੀਜੀ ਹੁਣ ਮੱਧ ਵਰਗ ਅਤੇ ਗਰੀਬ ਵਰਗ ਦੀ ਪਹੁੰਚ ਤੋਂ ਬਾਹਰ ਹੈ।’ ਉਨ੍ਹਾਂ ਮੁਤਾਬਕ ਮਈ 2014 ‘ਚ ਦਿੱਲੀ ‘ਚ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 414 ਰੁਪਏ ਸੀ, ਜੋ ਹੁਣ 999.50 ਰੁਪਏ ਹੋ ਗਈ ਹੈ,ਭਾਵ ਇਸ ‘ਚ 585 ਰੁਪਏ ਤੋਂ ਜ਼ਿਆਦਾ ਵਾਧਾ ਹੋਇਆ।