ਨਵੀਂ ਦਿੱਲੀ, 11 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਅਚਾਰੀਆ ਕ੍ਰਿਪਲਾਨੀ ਅਤੇ ਮੌਲਾਨਾ ਅਬੁੁਲ ਕਲਾਮ ਆਜ਼ਾਦ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਯਾਦ ਕੀਤਾ ਹੈ। ਇੱਕ ਟਵੀਟ ਰਾਹੀਂ ਸ੍ਰੀ ਮੋਦੀ ਨੇ ਓਨਾਕੇ ਓਬਾਵਾ, ਜਿਹੜੀ ਕਿ ਕਿਲ੍ਹੇ ਦੀ ਰੱਖਿਆ ਲਈ ਹੈਦਰ ਅਲੀ ਦੀਆਂ ਫ਼ੌਜਾਂ ਨਾਲ ਲੜਦਿਆਂ ਕੁਰਬਾਨ ਹੋ ਗਈ ਸੀ, ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਉਸ ਨੇ ਜਿਸ ਬਹਾਦਰੀ ਨਾਲ ਆਪਣੇ ਲੋਕਾਂ ਅਤੇ ਸੱਭਿਆਚਾਰ ਦੀ ਰੱਖਿਆ ਲਈ ਸੰਘਰਸ਼ ਕੀਤਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਭਾਰਤ ਦੀ ਨਾਰੀ ਸ਼ਕਤੀ ਵਜੋਂ ਪ੍ਰੇਰਿਤ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਸਾਬਕਾ ਕਾਂਗਰਸ ਪ੍ਰਧਾਨ ਤੇ ਦਿੱਗਜ਼ ਸਮਾਜ ਸੇਵਕ ਅਚਾਰੀਆ ਕ੍ਰਿਪਲਾਨੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਸਨ। ਮੋਦੀ ਨੇ ਕਿਹਾ, ‘ਉਨ੍ਹਾਂ ਕੋਲ ਸਾਡੇ ਦੇਸ਼ ਲਈ ਇੱਕ ਵਿਸ਼ਾਲ ਨਜ਼ਰੀਆ ਸੀ ਅਤੇ ਇੱਕ ਸੰਸਦ ਮੈਂਬਰ ਵਜੋਂ ਉਨ੍ਹਾਂ ਨੇ ਇਸ ਨੂੰ ਪੂਰਾ ਕਰਨ ਲਈ ਕੰਮ ਕੀਤਾ। ਉਨ੍ਹਾਂ ਨੇ ਵਾਤਾਵਰਣ ਸੁਰੱਖਿਆ ਅਤੇ ਸਮਾਜਿਕ ਸ਼ਕਤੀਕਰਨ ਵਿੱਚ ਵੱਡਾ ਯੋਗਦਾਨ ਪਾਇਆ।’ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਉਹ ਇੱਕ ਮਾਰਗਦਰਸ਼ਕ ਵਿਚਾਰਵਾਨ ਅਤੇ ਬੌਧਿਕ ਵਿਅਕਤੀ ਸਨ। ਆਜ਼ਾਦੀ ਦੇ ਸੰਘਰਸ਼ ਵਿੱਚ ਉਨ੍ਹਾਂ ਦਾ ਯੋਗਦਾਨ ਪ੍ਰੇਰਨਾਦਾਇਕ ਹੈ। ਉਹ ਸਿੱਖਿਆ ਖੇਤਰ ਨਾਲ ਬਹੁਤ ਲਗਾਅ ਰੱਖਦੇ ਸਨ ਅਤੇ ਉਨ੍ਹਾਂ ਨੇ ਸਮਾਜ ਵਿੱਚ ਭਾਈਚਾਰੇ ਲਈ ਕੰਮ ਕੀਤਾ।’ -ਪੀਟੀਆਈ