ਕੋਚੀ (ਕੇਰਲ), 2 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਭਾਰਤ ਦੇ ਸਮੁੰਦਰੀ ਇਤਿਹਾਸ ਦਾ ਸਭ ਤੋਂ ਵੱਡਾ ਜਹਾਜ਼ ਅਤੇ ਦੇਸ਼ੀ ’ਚ ਬਣਾਇਆ ਗਿਆ ਏਅਰਕ੍ਰਾਫਟ ਕੈਰੀਅਰ ‘ਆਈਐੱਨਐੱਸ ਵਿਕਰਾਂਤ’ ਭਾਰਤ ਦੇ ਰੱਖਿਆ ਖੇਤਰ ਨੂੰ ਆਤਮ-ਨਿਰਭਰ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਮਿਸਾਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਆਈਐੱਨਐੱਸ ਵਿਕਰਾਂਤ ਭਾਰਤ ਦੇ ਰੱਖਿਆ ਖੇਤਰ ਨੂੰ ਆਤਮ-ਨਿਰਭਰ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦਾ ਉਦਾਹਰਣ ਹੈ। ਆਈਐੱਨਐੱਸ ਵਿਕਰਾਂਤ ਨਾਲ ਭਾਰਤ ਉਨ੍ਹਾਂ ਦੇਸ਼ਾਂ ਦੇ ਚੁਣੇ ਹੋਏ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ, ਜੋ ਆਪ ਏਅਰਕ੍ਰਾਫਟ ਕੈਰੀਅਰ ਬਣਾ ਸਕਦੇ ਹਨ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਇਸ ਜੰਗੇ ਬੇੜੇ ਵਿਕਰਾਂਤ ਨੂੰ ਮਰਾਠਾ ਯੋਧਾ ਛਤਰਪਤੀ ਸ਼ਿਵਾਜੀ ਨੂੰ ਸਮਰਪਿਤ ਕਰਦੇ ਹਨ। ਉਨ੍ਹਾਂ ਕਿਹਾ, ‘ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੇ ਇਸ ਸਮੁੰਦਰੀ ਸ਼ਕਤੀ ਦੇ ਬਲ ‘ਤੇ ਅਜਿਹੀ ਜਲ ਸੈਨਾ ਬਣਾਈ, ਜਿਸ ਨੇ ਦੁਸ਼ਮਣਾਂ ਦੀ ਨੀਂਦ ਉਡਾ ਦਿੱਤੀ।’