ਨਵੀਂ ਦਿੱਲੀ, 14 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਦੀ ਅਗਵਾਈ ਕਰਨਗੇ ਤੇ ਲਾਲ ਕਿਲੇ ’ਤੇ ਤਿਰੰਗਾ ਲਹਿਰਾਉਣ ਮਗਰੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਰੱਖਿਆ ਮੰਤਰਾਲੇ ਵੱਲੋਂ ਇੱਕ ਬਿਆਨ ਦੱਸਿਆ ਗਿਆ ਇਸ ਮੌਕੇ ਹਵਾਈ ਫ਼ੌਜ ਦੇ ਦੋ ਐੱਮਆਈ-17 1ਵੀ ਹੈਲੀਕਾਪਟਰਾਂ ਵੱਲੋਂ ਪਹਿਲੀ ਵਾਰ ਸਮਾਗਮ ਵਾਲੀ ਥਾਂ ’ਤੇ ਫੁੱਲ ਦੀ ਵਰਖਾ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਸਮਾਗਮ ਦੀ ਸ਼ੁਰੂਆਤ ਇਸ ਵਰ੍ਹੇ ਮਾਰਚ ਮਹੀਨੇ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਤੋਂ ਕੀਤੀ ਸੀ। ਇਹ ਸਮਾਗਮ 15 ਅਗਸਤ 2023 ਤੱਕ ਜਾਰੀ ਰਹਿਣਗੇ।
ਸਮਾਗਮ ਮੌਕੇ ਲਾਲ ਕਿਲੇ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜ ਮੰਤਰੀ (ਰੱਖਿਆ) ਅਜੈ ਭੱਟ ਅਤੇ ਰੱਖਿਆ ਸਕੱਤਰ ਅਜੈ ਕੁਮਾਰ ਵੱਲੋਂ ਕੀਤਾ ਜਾਵੇਗਾ। ਲੈਫਟੀਨੈਂਟ ਜਨਰਲ ਮਿਸ਼ਰਾ ਸ੍ਰੀ ਮੋਦੀ ਨੂੰ ਸਲਾਮੀ ਬੇਸ ’ਤੇ ਲਿਜਾਣਗੇ, ਜਿੱਥੇ ਇੰਟਰ ਸਰਵਿਸਿਜ਼ ਅਤੇ ਦਿੱਲੀ ਪੁਲੀਸ ਉਨ੍ਹਾਂ ਨੂੰ ਸਲਾਮੀ ਦੇਵੇਗੀ। ਇਸ ਮਗਰੋਂ ਪ੍ਰਧਾਨ ਮੰਤਰੀ ਗਾਰਡ ਆਫ ਆਨਰ ਦਾ ਨਿਰੀਖਣ ਕਰਨਗੇ। ਗਾਰਡ ਆਫ ਆਨਰ ’ਚ ਫ਼ੌਜ, ਜਲ ਸੈਨਾ, ਹਵਾਈ ਸੈਨਾ ਅਤੇ ਦਿੱਲੀ ਪੁਲੀਸ ਦਾ ਇੱਕ-ਇੱਕ ਅਧਿਕਾਰੀ ਅਤੇ 20-20 ਜਵਾਨ ਸ਼ਾਮਲ ਹੋਣਗੇ। ਗਾਰਡ ਆਫ ਆਨਰ ਦੀ ਅਗਵਾਈ ਕਮਾਂਡਰ ਪਿਊਸ਼ ਗੌੜ ਕਰਨਗੇ।
ਗਾਰਡ ਆਫ ਆਨਰ ਦੇ ਨਿਰੀਖਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਲਾਲ ਕਿਲੇ ਦੀ ਫਸੀਲ ’ਤੇ ਜਾਣਗੇ, ਜਿੱਥੇ ਰਾਜਨਾਥ ਸਿੰਘ, ਅਜੈ ਭੱਟ, ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਚੀਫ਼ ਆਫ ਆਰਮੀ ਸਟਾਫ ਜਨਰਲ ਐੱਮ.ਐੱਮ. ਨਰਵਾਣੇ, ਚੀਫ਼ ਆਫ ਨੇਵਲ ਸਟਾਫ ਐਡਮਿਰਲ ਕਰਮਬੀਰ ਸਿੰਘ ਅਤੇ ਚੀਫ ਆਫ ਏਅਰ ਸਟਾਫ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌੜੀਆ ਨੂੰ ਸ਼ੁੱਭਇੱਛਾਵਾਂ ਦੇਣਗੇ।
ਇਸ ਤੋਂ ਬਾਅਦ ਲੈਫਟੀਨੈਂਟ ਜਨਰਲ ਮਿਸ਼ਰਾ ਪ੍ਰਧਾਨ ਮੰਤਰੀ ਨੂੰ ਤਿਰੰਗਾ ਲਹਿਰਾਉਣ ਵਾਲੀ ਜਗ੍ਹਾ ’ਤੇ ਲਿਜਾਣਗੇ, ਜਿੱਥੇ ਲੈਫਟੀਨੈਂਟ ਕਮਾਂਡਰ ਪੀ. ਪ੍ਰਿਅੰਬਦਾ ਸਾਹੂ ਵੱਲੋਂ ਤਿਰੰਗਾ ਲਹਿਰਾਉਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਅੰਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ ਅਤੇ ਐੱਨਸੀਸੀ ਦੇ ਕੈਡਿਟ ਕੌਮੀ ਗੀਤ ਪੇਸ਼ ਕੀਤਾ ਜਾਵੇਗਾ। -ਆਈਏਐੱਨਐੱਸ
ਓਲੰਪੀਅਨ ਅਤੇ ਕਰੋਨਾ ਯੋਧੇ ਹੋਣਗੇ ਸਮਾਗਮ ’ਚ ਸ਼ਾਮਲ
ਨਵੀਂ ਦਿੱਲੀ: ਲਾਲ ਕਿਲ੍ਹੇ ’ਤੇ ਸਮਾਗਮਾਂ ਮੌਕੇ ਓਲੰਪੀਅਨ ਅਤੇ ਕਰੋਨਾ ਯੋਧੇ ਵੀ ਸ਼ਾਮਲ ਹੋਣਗੇ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ’ਚ ਦੱਸਿਆ 32 ਅਥਲੀਟ, ਜਿਨ੍ਹਾਂ ਨੇ ਓਲੰਪਿਕ ’ਚ ਤਗ਼ਮੇ ਜਿੱਤੇ ਹਨ ਅਤੇ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਦੋ ਅਧਿਕਾਰੀਆਂ ਨੂੰ ਐਤਵਾਰ ਨੂੰ ਹੋਣ ਵਾਲੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਟੋਕੀਓ ਓਲੰਪਿਕ ’ਚ ਸੋਨ ਤਗ਼ਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਵੀ ਬੁਲਾਏ ਗਏ ਅਥਲੀਟਾਂ ’ਚ ਸ਼ਾਮਲ ਹੈ। ਬਿਆਨ ਮੁਤਾਬਕ ਗਿਆਨ ਪਥ ਦੀ ਸ਼ਾਨ ਵਧਾਉਣ ਲਈ ਲੱਗਪਗ 240 ਓਲੰਪੀਅਨਾਂ, ਸਹਾਇਕ ਸਟਾਫ ਅਤੇ ਸਾਈ ਅਤੇ ਖੇਡ ਅਸੋਸੀਏਸ਼ਨਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਹੋਣ ਦਾ ਦਿੱਤਾ ਗਿਆ ਹੈ। ਕਰੋਨਾ ਮਹਾਮਾਰੀ ਦੌਰਾਨ ਅਹਿਮ ਰੋਲ ਅਦਾ ਕਰਨ ਵਾਲੇ ਕਰੋਨਾ ਯੋਧਿਆਂ ਨੂੰ ਵੀ ਸਨਮਾਨ ਵਜੋਂ ਸਮਾਗਮ ’ਚ ਬੁਲਾਇਆ ਗਿਆ, ਜਿਨ੍ਹਾਂ ਵਾਸਤੇ ਗਿਆਨ ਪਥ ਦੇ ਦੱਖਣ ਵਾਲੇ ਪਾਸੇ ਬਲਾਕ ਤਿਆਰ ਕੀਤਾ ਗਿਆ ਹੈ। -ਏਜੰਸੀਆਂ
ਦਿੱਲੀ ਵਿੱਚ ਸੁਰੱਖਿਆ ਦਾ ਸਖ਼ਤ ਬੰਦੋਬਸਤ
ਨਵੀਂ ਦਿੱਲੀ: ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦਿੱਲੀ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰਦਿਆਂ ਦਿੱਲੀ ਦੇ ਬਾਰਡਰਾਂ, ਜਿੱਥੇ ਕਿਸਾਨ ਅੱਠ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ ਧਰਨਾ ਦੇ ਰਹੇ ਹਨ, ਸਣੇ ਅਹਿਮ ਥਾਵਾਂ ’ਤੇ ਹਜ਼ਾਰਾਂ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ। ਪੁਲੀਸ ਮੁਤਾਬਕ ਲਾਲ ਕਿਲੇ ਦੁਆਲੇ ਬਹੁ-ਪਰਤੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ। ਕੋਈ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਇੰਦਰਾ ਗਾਂਧੀ ਕੌਮਾਤਰੀ ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਨਾਲ-ਨਾਲ ਸਰਹੱਦੀ ਇਲਾਕਿਆਂ ਸਣੇ ਸ਼ਹਿਰ ’ਚ ਭਾਰੀ ਗਿਣਤੀ ’ਚ ਬੈਰੀਕੇਡ ਲਾਏ ਗਏ ਹਨ ਅਤੇ ਵਾਧੂ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਮੁਤਾਬਕ ਕੋਈ ਵੀ ਗੜਬੜੀ ਰੋਕਣ ਲਈ ਸ਼ਹਿਰ ’ਚ ਚੈਕਿੰਗ ਅਤੇ ਗਸ਼ਤ ਵਧਾ ਦਿੱਤੀ ਗਈ ਹੈ। ਦਿੱਲੀ ਪੁਲੀਸ ਦੇ ਪੀਆਰਓ ਚਿਨਮੌਏ ਬਿਸਵਾਲ ਨੇ ਦੱਸਿਆ ਕਿ ਡਰੋਨ ਵਿਰੋਧੀ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। -ਪੀਟੀਆਈ