ਨਵੀਂ ਦਿੱਲੀ, 30 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਸਤੰਬਰ ਨੂੰ ਕੋਚੀ ਦੇ ਕੋਚੀਨ ਸ਼ਿਪਯਾਰਡ ਲਿਮਟਿਡ ਵਿੱਚ ਪਹਿਲੇ ਸਵਦੇਸ਼ੀ ਜੰਗੀ ਬੇੜੇ ਆਈਐਨਐਸ ਵਿਕਰਾਂਤ ਨੂੰ ਜਲ ਸੈਨਾ ਵਿੱਚ ਸ਼ਾਮਲ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਮੋਦੀ 1-2 ਸਤੰਬਰ ਨੂੰ ਕਰਨਾਟਕ ਅਤੇ ਕੇਰਲ ਵਿੱਚ ਕਈ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਉਹ ਇਸ ਦੌਰਾਨ ਕੋਚੀਨ ਹਵਾਈ ਅੱਡੇ ਨੇੜੇ ਕਲਾਡੀ ਪਿੰਡ ਵਿੱਚ ਆਦਿ ਸ਼ੰਕਰਾਚਾਰੀਆ ਦੇ ਜਨਮ ਸਥਾਨ ਦਾ ਦੌਰਾ ਵੀ ਕਰਨਗੇ। ਉਹ ਮੰਗਲੁਰੂ ਵਿੱਚ ਲਗਪਗ 3,800 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਮੋਦੀ ਸਵੈ-ਨਿਰਭਰਤਾ ਦੇ ਮਜ਼ਬੂਤ ਸਮਰਥਕ ਰਹੇ ਹਨ, ਖਾਸ ਤੌਰ ‘ਤੇ ਰਣਨੀਤਕ ਖੇਤਰਾਂ ਵਿੱਚ ਅਤੇ ਆਈਐਨਐਸ ਵਿਕਰਾਂਤ ਦਾ ਜਲ ਸੈਨਾ ਵਿੱਚ ਸ਼ਾਮਲ ਹੋਣਾ ਇਸ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਇਹ ਪਹਿਲਾ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਅਤੇ ਤਿਆਰ ਜੰਗੀ ਬੇੜਾ ਹੋਵੇਗਾ। -ਏਜੰਸੀ