ਪ੍ਰਯਾਗਰਾਜ(ਯੂਪੀ), 26 ਅਕਤੂਬਰ
ਸਥਾਨਕ ਅਥਾਰਿਟੀਜ਼ ਨੇ ਡੇਂਗੂ ਪੀੜਤ ਮਰੀਜ਼ ਨੂੰ ਪਲੇਟਲੈਟਸ ਦੀ ਥਾਂ ਕਥਿਤ ‘ਫ਼ਲਾਂ ਦਾ ਜੂਸ’ ਚੜ੍ਹਾਉਣ ਵਾਲੇ ਨਿੱਜੀ ਹਸਪਤਾਲ ਨੂੰ ਢਾਹੁਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਪੀੜਤ ਮਰੀਜ਼ ਦੀ ਮੌਤ ਮਗਰੋਂ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮਰੀਜ਼ ਨੂੰ ਜੂਸ ਚੜ੍ਹਾਉਣ ਦਾ ਮਾਮਲਾ 20 ਅਕਤੂਬਰ ਨੂੰ ਸੁਰਖੀਆਂ ਵਿੱਚ ਆਇਆ ਸੀ ਜਦੋਂਕਿ ਧੂਮਨਗੰਜ ਦੇ ਝਾਲਵਾ ਸਥਿਤ ਗਲੋਬਲ ਹਸਪਤਾਲ ਦੀ ਮਾਲਕ ਮਾਲਤੀ ਦੇਵੀ ਨੂੰ ਹਸਪਤਾਲ ਦੀ ਅਣਅਧਿਕਾਰਤ ਇਮਾਰਤ ਬਾਰੇ ਨੋਟਿਸ ਇਕ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ। ਪ੍ਰਯਾਗਰਾਜ ਵਿਕਾਸ ਅਥਾਰਿਟੀ (ਪੀਡੀਏ) ਨੇ ਨੋਟਿਸ ਵਿੱਚ ਨਿੱਜੀ ਹਸਪਤਾਲ ਦੇ ਮਾਲਕਾਂ ਨੂੰ 28 ਅਕਤੂਬਰ ਦੀ ਸਵੇਰ ਤੱਕ ਇਮਾਰਤ ਖਾਲੀ ਕਰਨ ਦੇ ਹੁਕਮ ਦਿੱਤੇ ਹਨ। 19 ਅਕਤੂਬਰ ਨੂੰ ਜਾਰੀ ਨੋਟਿਸ ਵਿੱਚ ਹਸਪਤਾਲ ਮਾਲਕਾਂ ਨੂੰ ਪਹਿਲਾਂ ਜਾਰੀ ‘ਕਾਰਨ ਦੱਸੋ’ ਨੋਟਿਸਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਕੋਈ ਵੀ ਸੁਣਵਾਈ ਲਈ ਨਹੀਂ ਆਇਆ, ਜਿਸ ਕਰਕੇ ਇਮਾਰਤ ਨੂੰ ਢਾਹੁਣ ਦੇ ਹੁਕਮ ਦੇਣੇ ਪਏ। ਮਰੀਜ਼ ਨੂੰ ਪਲੇਟਲੈਟਸ ਦੀ ਥਾਂ ਫਲਾਂ ਦਾ ਜੂਸ ਚੜ੍ਹਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਯੂਪੀ ਦੇ ਉਪ ਮੁੱਖ ਮੰਤਰੀ ਬ੍ਰਜੇੇਸ਼ ਪਾਠਕ ਦੇ ਹੁਕਮਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਦਿੱਤਾ ਸੀ। ਅਧਿਕਾਰੀਆਂ ਮੁਤਾਬਕ ਮਰੀਜ਼ ਪ੍ਰਦੀਪ ਪਾਂਡੇ, ਜਿਸ ਨੂੰ ਕਿਸੇ ਦੂਜੇ ਹਸਪਤਾਲ ’ਚ ਤਬਦੀਲ ਕੀਤਾ ਗਿਆ ਸੀ, ਦੀ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ। ਉਂਜ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਇਹ ਜੂਸ ਸੀ ਜਾਂ ਫਿਰ ਮਰੀਜ਼ ਨੂੰ ਫ਼ਰਜ਼ੀ ਪਲੇਟਲੈਟਸ ਚੜ੍ਹਾਏ ਗਏ ਸਨ। ਨਮੂਨਾ ਰਿਪੋਰਟ ਸੀਲਬੰਦ ਲਿਫ਼ਾਫੇ ਵਿਚ ਜ਼ਿਲ੍ਹਾ ਮੈਜਿਸਟਰੇਟ ਨੂੰ ਭੇਜੀ ਗਈ ਹੈ। -ਪੀਟੀਆਈ