ਨਵੀਂ ਦਿੱਲੀ, 15 ਨਵੰਬਰ
ਯੂਨੀਸੈੱਫ ਨੇ ਕਿਹਾ ਕਿ 20 ਨਵੰਬਰ ਨੂੰ ਆਲਮੀ ਬਾਲ ਦਿਹਾੜੇ ਮੌਕੇ ਬੱਚਿਆਂ ਦੇ ਹੱਕਾਂ ਅਤੇ ਕੋਵਿਡ-19 ਕਰਕੇ ਉਨ੍ਹਾਂ ਦੀ ਜ਼ਿੰਦਗੀ ’ਤੇ ਪੈਣ ਵਾਲੇ ਅਸਰ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਰਾਸ਼ਟਰਪਤੀ ਭਵਨ, ਕੁਤੁਬ ਮੀਨਾਰ ਤੇ ਭਾਰਤ ਦੇ ਵੱਖ ਵੱਖ ਹਿੱਸਿਆਂ ’ਚ ਹੋਰ ਪੁਰਾਤਨ ਇਮਾਰਤਾਂ ਨੀਲੀ ਰੌਸ਼ਨੀ ਵਿੱਚ ਰੰਗੀਆਂ ਜਾਣਗੀਆਂ।
ਯੂਨੀਸੈੱਫ ਨੇ ਕਿਹਾ ਕਿ #ਗੋਬਲਿਊ ਮੁਹਿੰਮ ਤਹਿਤ ਇਹ ਪੁਰਾਤਨ ਇਮਾਰਤਾਂ ਨੀਲੀ ਰੌਸ਼ਨੀ ਨਾਲ ਜਗਮਗਾ ਉੱਠਣਗੀਆਂ। ਯੂਨੀਸੈੱਫ ਨੇ ਕਿਹਾ ਕਿ ਇਸ ਸਾਲ ਦੀਆਂ ਆਲਮੀ ਬਾਲ ਦਿਵਸ ਨਾਲ ਸਬੰਧਤ ਸਰਗਰਮੀਆਂ ਵਰਚੁਅਲ ਤੇ ਡਿਜੀਟਲ ਰੂਪ ਵਿੱਚ ਹੋਣਗੀਆਂ। ਸੰਯੁਕਤ ਰਾਸ਼ਟਰ ਨਾਲ ਜੁੜੀ ਸੰਸਥਾ ਨੇ ਇਕ ਬਿਆਨ ਵਿੱਚ ਕਿਹਾ, ‘ਬੱਚੇ ਸਮਾਗਮਾਂ ਦੌਰਾਨ ਮਾਸਕ ਪਾਉਣ ਦੇ ਨਾਲ ਸਮਾਜਿਕ ਦੂਰੀ ਦਾ ਖਿਆਲ ਰੱਖਣਗੇ। ਪਰ ਇਸ ਤੋਂ ਇਹ ਭਾਵ ਨਹੀਂ ਕਿ ਬੱਚਿਆਂ ਦੀ ਆਵਾਜ਼ ਖਾਮੋਸ਼ ਰਹੇਗੀ।’ -ਪੀਟੀਆਈ